ਪੰਜਾਬੀ ਸਭਿਆਚਾਰਕ ਸਮਾਰੋਹ “ਧੀ ਪੰਜਾਬ ਦੀ” ਧੂਮਧਾਮ ਨਾਲ ਕਰਵਾਇਆ

ਪੰਜਾਬੀ ਸਭਿਆਚਾਰਕ ਸਮਾਰੋਹ “ਧੀ ਪੰਜਾਬ ਦੀ” ਧੂਮਧਾਮ ਨਾਲ ਕਰਵਾਇਆ

ਸਿਡਨੀ, 21 ਸਤੰਬਰ : ਬੋਮੈਨ ਹਾਲ ਬਲੈਕਟਾਊਨ ਵਿਖੇ 13 ਅਗਸਤ ਨੂੰ ਪੰਜਾਬੀ ਸਭਿਆਚਾਰਕ ਸਮਾਰੋਹ “ਧੀ ਪੰਜਾਬ ਦੀ” ਜਿੰਦੀਪ ਫੋਟੋਗ੍ਰਾਫੀ, ਰਿਦਮ ਆਫ ਭੰਗੜਾ, ਨਿਰਵਾਣਾ ਕੇਟਰਸ ਅਤੇ ਡੀ ਜੇ ਦੇਸੀ ਵਾਈਬਜ਼ ਵਲੋਂ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਨਿਰੋਲ ਪੰਜਾਬੀ ਰੀਤੀ ਰਿਵਾਜਾਂ, ਰਸਮਾਂ, ਪਹਿਰਾਵੇ, ਪੇਸ਼ਕਾਰੀ, ਮਾਂ ਬੋਲੀ ਪੰਜਾਬੀ ਦਾ ਸਹੀ ਉਚਾਰਨ, ਪੁਰਾਤਨ ਪੰਜਾਬੀ ਗਹਿਣੇ, ਬੋਲੀਆਂ, ਸਿੱਠਣੀਆਂ ਆਦਿ ਸਭ ਉੱਪਰ ਅਧਾਰਿਤ ਇਸ ਪ੍ਰੋਗਰਾਮ ਵਿੱਚ ਕੁੱਲ 50 ਤੋਂ ਉੱਪਰ ਨਾਮਜ਼ਦਗੀਆਂ ਭਰੀਆਂ ਗਈਆਂ, ਜਿਹਨਾਂ ਵਿੱਚੋਂ ਕਠਿਨ ਮੁਕਾਬਲੇ ਦੀ ਟੱਕਰ ਤੋਂ ਬਾਅਦ 10 ਪੰਜਾਬੀ ਮੁਟਿਆਰਾਂ ਫਾਈਨਲ ਮੁਕਾਬਲੇ ਲਈ ਚੁਣੀਆਂ ਗਈਆਂ। ਆਖਰੀ ਮੁਕਾਬਲੇ ਦੇ ਉਸ ਦਿਨ ਦੀ ਰੌਣਕ ਦੇਖਿਆਂ ਹੀ ਬਣਦੀ ਸੀ, ਜਿੱਥੇ 700 ਦੀ ਕਰੀਬ ਦਰਸ਼ਕਾਂ ਦਾ ਹੜ੍ਹ ਸੀ ਉੱਥੇ ਹੀ ਵੰਨ ਸੁਵੰਨੇ ਪਕਵਾਨਾਂ ਦੀ ਸੁਗੰਧ ਹਵਾ ਵਿੱਚ ਰਸ ਘੋਲ ਰਹੀ ਸੀ ਅਤੇ ਸੋਹਣੇ ਸੋਹਣੇ ਸੂਟਾਂ, ਗਹਿਣਿਆਂ ਦੇ ਸਟਾਲ ਪੰਜਾਬੀ ਮੁਟਿਆਰਾਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੇ ਸਨ। ਪੰਜਾਬੀ ਮੁਟਿਆਰ ਦੇ ਇਸ ਸੁਹੱਪਣ ਮੁਕਾਬਲੇ ਵਿੱਚ ਦੂਜੇ ਪਾਸੇ ਗਿੱਧੇ-ਭੰਗੜੇ ਵਿੱਚੋਂ ਸਿਡਨੀ ਦੀਆਂ ਚੋਟੀ ਦੀਆਂ ਟੀਮਾਂ ਦੀ ਪੇਸ਼ਕਾਰੀ ਸਟੇਜ ਨੂੰ ਹੋਰ ਵੀ ਚਾਰ ਚੰਨ ਲਗਾ ਰਹੀ ਸੀ। ਮੁਕਾਬਲੇ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਸੀ, ਜਿੱਥੇ ਪਹਿਲੇ ਭਾਗ ਵਿੱਚ ਪੰਜਾਬ ਦੀਆਂ ਧੀਆਂ ਨੇ ਰੋਹਬਦਾਰ ਤੋਰ ਦੇ ਨਾਲ ਸਟੇਜ ਤੇ ਆ ਕੇ ਆਪਣੇ ਬਾਰੇ ਜਾਣੂ ਕਰਵਾਇਆ ਅਤੇ ਸਭਿਆਚਾਰਕ ਨਾਚ ਦੀ ਝਲਕ ਦੇਖਣ ਨੂੰ ਮਿਲੀ। ਉੱਥੇ ਹੀ ਦੂਜਾ ਭਾਗ ਇਹਨਾਂ ਮੁਟਿਆਰਾਂ ਦੇ ਹੁਨਰ ਮੁਕਾਬਲੇ ਨੂੰ ਦਿਖਾਉਂਦਾ ਹਾਲ ਵਿੱਚ ਬੈਠੇ ਦਰਸ਼ਕਾਂ ਦੇ ਦਿਲਾਂ ਤੇ ਡੂੰਘੀ ਛਾਪ ਛੱਡ ਗਿਆ। ਆਖਰੀ ਭਾਗ ਵਿੱਚ ਪੰਜਾਬੀ ਮੁਟਿਆਰਾਂ ਵਿਆਹ ਦੇ ਜੋੜੇ ਵਿੱਚ ਆਪਣੇ ਸਭਿਆਚਾਰਿਕ ਗਹਿਣਿਆਂ ਦੇ ਨਾਲ ਸਟੇਜ ਤੇ ਆ ਕੇ ਹਰ ਇੱਕ ਔਰਤ ਨੂੰ ਆਪਣੀ ਜ਼ਿੰਦਗੀ ਦਾ ਡੋਲੀ ਤੁਰਨ ਦਾ ਸਮਾਂ ਯਾਦ ਕਰਵਾ ਗਈਆਂ, ਜਿਸ ਨੂੰ ਦੇਖਦਿਆਂ ਕਈ ਅੱਖਾਂ ਨਮ ਹੋਈਆਂ। ਆਖੀਰ ਵਿੱਚ “ਧੀ ਪੰਜਾਬ ਦੀ ” ਦਾ ਤਾਜ ਸੰਦੀਪ ਕੌਰ ਦੇ ਸਿਰ ਸਜਿਆ ,ਅਤੇ ਕਮਲਦੀਪ ਕੌਰ , ਅਮਨਦੀਪ ਕੌਰ ਸੰਧੂ ਕ੍ਰਮਵਾਰ ਪਹਿਲੀ ਅਤੇ ਦੂਜੀ ਰਨਰ ਅੱਪ ਟਰਾਫੀ ਦੀਆਂ ਜੇਤੂ ਰਹੀਆਂ। ਪਹਿਲੇ ਸਥਾਨ ਤੇ ਰਹਿਣ ਵਾਲੀ ਮੁਟਿਆਰ ਨੂੰ 1000 ਡਾਲਰ, ਸੱਗੀ ਫੁੱਲ, ਜੇਤੂ ਟਰਾਫੀ, ਦੂਜੇ ਸਥਾਨ ਲਈ 750 ਡਾਲਰ, ਟਰਾਫੀ, ਤੀਜੇ ਸਥਾਨ ਨੂੰ 500 ਡਾਲਰ, ਟਰਾਫੀ ਅਤੇ ਜੇਤੂਆਂ ਨੂੰ ਕਈ ਹੋਰ ਭੇਟਾਵਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਬਾਕੀ ਦੀਆਂ ਸੱਤ ਮੁਟਿਆਰਾਂ ਨੂੰ ਵੱਖੋ ਵੱਖਰੀਆਂ ਵਿਸ਼ੇਸ਼ਤਾਵਾਂ ਲਈ ਟਰਾਫੀਆਂ ਨਾਲ ਸਨਮਾਨਿਤ ਕੀਤਾ ਗਿਆ।ਅੰਤ ਵਿੱਚ ਹਰਜਿੰਦਰ ਸਿੰਘ ( ਜਿੰਦੀਪ ਫੋਟੋਗ੍ਰਾਫੀ), ਇੰਦਰ ਸਿੰਘ ( ਰਿਦਮ ਆਫ਼ ਭੰਗੜਾ) , ਡੀ ਜੇ ਦੇਸੀ ਵਾਈਬਜ਼, ਨਿਰਵਾਣਾ ਕੇਟਰਜ਼ ਅਤੇ ਉਹਨਾਂ ਦੀਆਂ ਧਰਮ ਪਤਨੀਆਂ ਵਲੋਂ ਆਏ ਹੋਏ ਸਮੂਹ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।

You must be logged in to post a comment Login