ਨਿੱਜੀ ਜਜ਼ਬਾਤਾਂ ਨੂੰ ਖ਼ੂਬਸੂਰਤੀ ਨਾਲ ਦਰਸਾਉਂਦੀ ਹੈ ਫ਼ਿਲਮ ‘ਜੋੜੀ’

ਨਿੱਜੀ ਜਜ਼ਬਾਤਾਂ ਨੂੰ ਖ਼ੂਬਸੂਰਤੀ ਨਾਲ ਦਰਸਾਉਂਦੀ ਹੈ ਫ਼ਿਲਮ ‘ਜੋੜੀ’

ਜਲੰਧਰ (ਬਿਊਰੋ)– 5 ਮਈ ਨੂੰ ਦੁਨੀਆ ਭਰ ’ਚ ਪੰਜਾਬੀ ਫ਼ਿਲਮ ‘ਜੋੜੀ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ’ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਲਿਖਿਆ ਤੇ ਡਾਇਰੈਕਟ ਅੰਬਰਦੀਪ ਸਿੰਘ ਨੇ ਕੀਤਾ ਹੈ, ਜਦਕਿ ਇਸ ਦੇ ਪ੍ਰੋਡਿਊਸਰ ਦਲਜੀਤ ਥਿੰਦ ਤੇ ਕਾਰਜ ਗਿੱਲ ਹਨ। ਫ਼ਿਲਮ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ’ਤੇ ਚੱਲ ਰਹੀ ਹੈ, ਜਿਸ ਦੇ ਸਿਲਸਿਲੇ ’ਚ ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਨਾਲ ਸਾਡੀ ਪ੍ਰਤੀਨਿਧੀ ਨੇਹਾ ਮਨਹਾਸ ਨੇ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਸਵਾਲ– ਫ਼ਿਲਮ ਨੂੰ ਕਰਨ ਲਈ ਕਿਹੜੀ ਚੀਜ਼ ਨੇ ਤੁਹਾਨੂੰ ਪ੍ਰਭਾਵਿਤ ਕੀਤਾ?
ਦਿਲਜੀਤ ਦੋਸਾਂਝ– 
ਅਮਰਿੰਦਰ ਭਾਅ ਜੀ ਨੇ ਮੈਨੂੰ ਇਸ ਫ਼ਿਲਮ ਬਾਰੇ ਕਿਹਾ ਸੀ ਕਿ ਮੈਨੂੰ ਫ਼ਿਲਮ ਸੁਣਨੀ ਤੇ ਕਰਨੀ ਚਾਹੀਦੀ ਹੈ। ਮੈਨੂੰ ਕਹਾਣੀ ਵਧੀਆ ਲੱਗੀ ਤੇ ਵਧੀਆ ਟੀਮ ਬਣਦੀ ਗਈ। ਇਸੇ ਦੇ ਨਾਲ ਫ਼ਿਲਮ ‘ਜੋੜੀ’ ਨੂੰ ਕਰਨ ਦਾ ਸਬੱਬ ਬਣਿਆ।

ਸਵਾਲ– ਫ਼ਿਲਮ ਦੇ ਸੰਗੀਤ ਨੇ ਕਿਰਦਾਰ ਨਾਲ ਜੁੜਨ ’ਚ ਕਿੰਨੀ ਕੁ ਮਦਦ ਕੀਤੀ?
ਨਿਮਰਤ ਖਹਿਰਾ–
 ਇਸ ਫ਼ਿਲਮ ਦੀ ਹਰ ਚੀਜ਼ ਬਹੁਤ ਸੋਹਣੀ ਹੈ ਪਰ ਮੈਨੂੰ ਫ਼ਿਲਮ ਦਾ ਸੰਗੀਤ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ। ਮੇਰੀ ਬਹੁਤ ਇੱਛਾ ਸੀ ਟਰੂ ਸਕੂਲ ਨਾਲ ਕੰਮ ਕਰਨ ਦੀ। ਮੈਂ ਇਕ ਗਾਇਕਾ ਹਾਂ ਤੇ ਫ਼ਿਲਮ ’ਚ ਮੇਰਾ ਕਿਰਦਾਰ ਵੀ ਉਸੇ ਤਰ੍ਹਾਂ ਦਾ ਹੈ, ਸੋ ਇਹ ਚੀਜ਼ ਕਰਨੀ ਕਾਫੀ ਵਧੀਆ ਰਹੀ।

ਸਵਾਲ– ਨਿੱਜੀ ਤੌਰ ’ਤੇ ਇਸ ਫ਼ਿਲਮ ਨਾਲ ਕਿੰਨਾ ਕੁ ਜੁੜਿਆ ਮਹਿਸੂਸ ਕਰਦੇ ਹੋ?
ਦਿਲਜੀਤ ਦੋਸਾਂਝ–
 ਨਿੱਜੀ ਜਜ਼ਬਾਤ ਜਿਹੜੇ ਇਕ ਜੋੜੀ ਦੇ ਹੁੰਦੇ ਹਨ, ਉਹ ਬਹੁਤ ਦਿਖਾਏ ਗਏ ਇਸ ਫ਼ਿਲਮ ’ਚ। ਗਾਉਣ ਵਾਲੀ ਜੋੜੀ ਦੇ ਨਾਲ-ਨਾਲ ਇਕ ਪਤੀ-ਪਤਨੀ ਦੀ ਜੋੜੀ ਦੀਆਂ ਕੀ ਰੀਝਾਂ, ਕੀ ਮੁਸ਼ਕਿਲਾਂ, ਉਨ੍ਹਾਂ ਦੇ ਪਿਆਰ ਦੇ ਪਲ ਬਹੁਤ ਖ਼ੂਬਸੂਰਤੀ ਨਾਲ ਦਿਖਾਏ ਗਏ ਹਨ। ਮੈਨੂੰ ਉਹ ਜ਼ਿਆਦਾ ਪ੍ਰਭਾਵਿਤ ਕਰ ਰਹੇ ਸਨ, ਬਾਕੀ ਗਾਉਣ ਵਾਲਾ ਕੰਮ ਕਰਦੇ ਹੀ ਰਹਿੰਦੇ ਹਾਂ ਪਰ ਜੋ ਇਨਸਾਨੀ ਰਿਸ਼ਤਿਆਂ ਦੀ ਗੱਲ ਹੋ ਰਹੀ ਸੀ, ਉਹ ਬਹੁਤ ਪਿਆਰੀ ਸੀ।

ਸਵਾਲ– ਕੀ ਕਿਸੇ ਅਸਲ ਜ਼ਿੰਦਗੀ ਦੀ ਜੋੜੀ ਤੋਂ ਤੁਹਾਡੇ ਕਿਰਦਾਰ ਪ੍ਰਭਾਵਿਤ ਹਨ?
ਦਿਲਜੀਤ ਦੋਸਾਂਝ– 
ਤੁਸੀਂ ਕਿਸੇ ਤੋਂ ਵੀ ਪ੍ਰਭਾਵਿਤ ਮੰਨ ਸਕਦੇ ਹੋ। ਬਹੁਤ ਸਾਰੇ ਦੋਗਾਣਾ ਗਾਇਕ ਜੋੜੀਆਂ 80-90 ਦੇ ਦਹਾਕੇ ’ਚ ਸਨ, ਜਿਸ ਵੇਲੇ ਦੀ ਇਹ ਫ਼ਿਲਮ ਹੈ। ਕਹਿ ਸਕਦੇ ਹਾਂ ਕਿ ਕਾਫੀ ਚੀਜ਼ਾਂ ਤੋਂ ਪ੍ਰਭਾਵਿਤ ਹੈ।

ਸਵਾਲ– ਕੰਟੈਂਟ ਮਾਇਨੇ ਰੱਖਦਾ ਹੈ ਜਾਂ ਦਰਸ਼ਕਾਂ ਦੀ ਪਸੰਦ?
ਨਿਮਰਤ ਖਹਿਰਾ–
 ਮੇਰੇ ਲਈ ਕੰਟੈਂਟ ਮਾਇਨੇ ਰੱਖਦਾ ਹੈ ਕਿਉਂਕਿ ਜੇ ਕੰਟੈਂਟ ਵਧੀਆ ਹੋਵੇਗਾ ਤਾਂ ਦਰਸ਼ਕ ਜ਼ਰੂਰ ਦੇਖਣਗੇ।
ਦਿਲਜੀਤ ਦੋਸਾਂਝ– ਮੈਂ ਵੀ ਨਿਮਰਤ ਨਾਲ ਸਹਿਮਤ ਹਾਂ ਕੰਟੈਂਟ ਮਾਇਨੇ ਰੱਖਦਾ ਹੈ।

ਸਵਾਲ– ਤੁਹਾਡੀ ਵਿਚਾਰਧਾਰਾ ਕੀ ਹੈ?
ਦਿਲਜੀਤ ਦੋਸਾਂਝ– 
ਮੈਨੂੰ ਲੱਗਦਾ ਹੈ ਕਿ ਮਿਹਨਤ ਹੀ ਹੈ, ਜਿਸ ਨੂੰ ਅਸੀਂ ਵਿਚਾਰਧਾਰਾ ਕਹਿ ਰਹੇ ਹਾਂ। ਉਹ ਹਰ ਕਿੱਤੇ ’ਚ ਹੈ। ਫਿਰ ਭਾਵੇਂ ਉਹ ਕਿਸੇ ਵੀ ਫੀਲਡ ਨਾਲ ਸਬੰਧਤ ਹੋਵੇ। ਮਿਹਨਤ ਵੀ ਉਦੋਂ ਹੀ ਲੱਗਦੀ ਜਦੋਂ ਤੁਹਾਡਾ ਦਿਲ ਲੱਗਦਾ, ਸੋ ਜਿਥੇ ਤੁਹਾਡਾ ਦਿਲ ਲੱਗਦਾ ਹੈ ਜਾਂ ਜੋ ਤੁਹਾਡਾ ਕਰਨ ਨੂੰ ਜੀਅ ਕਰਦਾ ਹੈ, ਇਹੀ ਵਿਚਾਰਧਾਰਾ ਹੈ।
ਨਿਮਰਤ ਖਹਿਰਾ– ਮੈਨੂੰ ਇਹ ਸੀ ਕਿ ਜੋ ਮੇਰੀ ਆਪਣੀ ਖ਼ੁਦ ਦੀ ਪਛਾਣ ਹੈ, ਮੈਂ ਉਹੀ ਰੱਖਣੀ ਹੈ। ਕਿਸੇ ਵੱਲ ਦੇਖ ਕੇ ਜਾਂ ਕਿਸੇ ਹੋਰ ਕਲਾਕਾਰ ਵਾਂਗ ਮੈਂ ਬਦਲਣੀ ਨਹੀਂ। ਜੇ ਕਿਸੇ ਦਾ ਕਿਸੇ ਹੋਰ ਤਰ੍ਹਾਂ ਦਾ ਕੰਟੈਂਟ ਚੱਲ ਰਿਹਾ ਹੈ ਤਾਂ ਮੈਂ ਵੀ ਉਂਝ ਹੀ ਕਰਾਂ, ਜੋ ਮੇਰੇ ‘ਡੂ ਐਂਡ ਡੌਂਟਸ’ ਹਨ, ਉਸ ’ਚ ਰਹਿ ਕੇ ਹੀ ਕੰਮ ਕਰਾਂ।

ਸਵਾਲ– ਤੁਸੀਂ ਜੋ ਚੀਜ਼ਾਂ ਸੋਚੀਆਂ ਸਨ ਕੀ ਉਹ ਹੋ ਰਹੀਆਂ ਹਨ?
ਦਿਲਜੀਤ ਦੋਸਾਂਝ– 
ਉਂਝ ਹੀ ਹੁੰਦਾ ਹੈ ਤੇ ਸਾਰਿਆਂ ਨਾਲ ਉਂਝ ਹੀ ਹੋ ਰਿਹਾ ਹੈ। ਜੇ ਕਿਸੇ ਨੂੰ ਨਹੀਂ ਪਤਾ ਉਹ ਵੱਖਰੀ ਗੱਲ ਹੈ ਪਰ ਜੋ ਤੁਸੀਂ ਸੋਚਦੇ ਹੋ, ਉਹੀ ਹੁੰਦਾ ਹੈ। ਜੇ ਕੋਈ ਚੀਜ਼ ਨਹੀਂ ਹੋ ਰਹੀ ਤਾਂ ਤੁਸੀਂ ਆਪ ਹੀ ਉਸ ਅੱਗੇ ਰੋਕ ਲਗਾ ਰਹੇ ਹੋ। ਬਾਕੀ ਜੋ ਤੁਸੀਂ ਸੋਚ ਰਹੇ ਹੋ, ਤੁਹਾਡੀ ਦੁਨੀਆ ਉਂਝ ਹੀ ਬਣਦੀ ਹੈ।
ਨਿਮਰਤ ਖਹਿਰਾ– ਮੈਨੂੰ ਲੱਗਦਾ ਹੈ ਕਿ ਇਨਸਾਨ ਸੋਚਦਾ ਹੀ ਉਹ ਹੈ, ਜੋ ਰੱਬ ਨੇ ਕਰਵਾਉਣਾ ਹੁੰਦਾ ਹੈ।

ਸਵਾਲ– ਜ਼ਿਆਦਾ ਮਜ਼ਾਕੀਆ ਕੌਣ ਹੈ?
ਦਿਲਜੀਤ ਦੋਸਾਂਝ–
 ਨਿਮਰਤ ਹੀ ਹੈ, ਇਸ ਦੇ ਵਨ ਲਾਈਨਰ ਆਉਂਦੇ ਰਹਿੰਦੇ ਹਨ।

ਸਵਾਲ– ਇਕ ਕਲਾਕਾਰ ਦੀ ਜ਼ਿੰਦਗੀ ਕਿੰਨੀ ਕੁ ਆਪਣੀ ਹੈ ਤੇ ਕਿੰਨੀ ਕੁ ਲੋਕਾਂ ਦੀ?
ਨਿਮਰਤ ਖਹਿਰਾ–
 ਇਹ ਤੁਹਾਡੇ ਆਪਣੇ ’ਤੇ ਨਿਰਭਰ ਕਰਦਾ ਹੈ। ਜੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤਕ ਆਪਣੀ ਜ਼ਿੰਦਗੀ ਜ਼ਿੰਦਗੀ ਦਿਖਾ ਰਹੇ ਹੋ ਤਾਂ ਫਿਰ ਸਾਰੀ ਉਨ੍ਹਾਂ ਦੀ ਹੈ ਤੇ ਜੇ ਥੋੜ੍ਹਾ ਘੱਟ ਦਿਖਾ ਰਹੇ ਹੋ ਤਾਂ ਫਿਰ ਉਹ ਸਿਰਫ ਤੁਹਾਡੇ ਕਿੱਤ ਤਕ ਹਨ। ਤੁਸੀਂ ਜਿੰਨਾ ਚਾਹੁੰਦੇ ਹੋ ਕਿ ਤੁਹਾਡੀ ਨਿੱਜੀ ਜ਼ਿੰਦਗੀ ’ਚ ਉਹ ਦਖ਼ਲ ਦੇਣ, ਇਹ ਤੁਹਾਡੇ ਆਪਣੇ ’ਤੇ ਹੈ।
ਦਿਲਜੀਤ ਦੋਸਾਂਝ– ਬਾਕੀ ਕਲਾਕਾਰਾਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਮੇਰੀ ਜ਼ਿੰਦਗੀ ਤਾਂ ਮੇਰੀ ਹੈ। ਮੈਂ ਜੋ ਕਰਨਾ ਚਾਹੁੰਦਾ ਸੀ, ਉਹੀ ਕਰ ਰਿਹਾ ਹਾਂ।

ਸਵਾਲ– ਕੀ ਤੁਹਾਨੂੰ ਲੱਗਦਾ ਹੈ ਕਿ ਕਲਾਕਾਰ ਸੌਖਾ ਟਾਰਗੇਟ ਹੁੰਦੇ ਹਨ?
ਦਿਲਜੀਤ ਦੋਸਾਂਝ– 
ਮੈਨੂੰ ਲੱਗਦਾ ਹੈ ਕਿ ਇਹ ਫ਼ਿਲਮ ਆਏਗੀ, ਫਿਰ ਗੱਲਾਂ ਕਰੀਅਰ ਹੋਣਗੀਆਂ। ਇਥੇ ਅਸੀਂ ਕਾਫੀ ਹੱਸ-ਖੇਡ ਰਹੇ ਹਾਂ ਤੇ ਇਹ ਗੱਲ ਬਹੁਤ ਸੈਂਸਟਿਵ ਹੈ। ਇਸ ਦਾ ਜਵਾਬ ਇਸ ਪਲੇਟਫਾਰਮ ’ਤੇ ਦੇਣਾ ਔਖਾ ਹੈ, ਫ਼ਿਲਮ ਬੋਲੇਗੀ।

You must be logged in to post a comment Login