ਸਾਲ 2022 ’ਚ ਵਿਵਾਦਾਂ ਵਿਚ ਰਹੇ ਇਹ ਸਿਤਾਰੇ

ਸਾਲ 2022 ’ਚ ਵਿਵਾਦਾਂ ਵਿਚ ਰਹੇ ਇਹ ਸਿਤਾਰੇ

ਸਤਿੰਦਰ ਸਰਤਾਜ
ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਸਤਿੰਦਰ ਸਰਤਾਜ ਦਾ ਖੂਬ ਨਾਮ ਹੈ। ਪਰ ਕਲਾਕਾਰ ਉਸ ਸਮੇਂ ਵਿਵਾਦਾਂ ਵਿੱਚ ਆ ਗਏ ਜਦੋਂ ਉਨ੍ਹਾਂ ਵੱਲੋਂ ਆਪਣੇ ਇੱਕ ਸ਼ੋਅ ਦਾ ਵੀਡੀਓ ਸੋਸ਼ਲ ਮੀਡੀਆ ਅਕਾਊਂਟ ਉੱਪਰ ਸ਼ੇਅਰ ਕੀਤਾ ਗਿਆ। ਅਸਲ ਵਿੱਚ ਸਤਿੰਦਰ ਇੱਕ ਵਿਆਹ ਪਾਰਟੀ ’ਚ ਪਰਫਾਰਮ ਕਰਨ ਲਈ ਪਹੁੰਚੇ ਸੀ। ਕਲਾਕਾਰ ਵੱਲੋਂ ਸ਼ੇਅਰ ਕੀਤੀ ਵੀਡੀਓ ’ਚ ਸਤਿੰਦਰ ਸਰਤਾਜ ਦੀ ਪਰਫਾਰਮੈਂਸ ’ਤੇ ਮੀਂਹ ਵਾਂਗ ਪੈਸੇ ਬਰਸਾਏ ਜਾ ਰਹੇ ਸੀ। ਗਾਇਕ ਜਿਸ ਸਟੇਜ ’ਤੇ ਗਾ ਰਹੇ ਸੀ ਉਹ ਨੋਟਾਂ ਨਾਲ ਭਰਿਆ ਹੋਇਆ ਸੀ। ਇਸ ਵੀਡੀਓ ਨੂੰ ਦੇਖ ਲੋਕ ਨੇ ਇਤਰਾਜ਼ ਕੀਤਾ ਅਤੇ ਕਿਹਾ ਇਸ ਤਰ੍ਹਾਂ ਪੈਸਾ ਉਡਾਉਣਾ ਕਿੰਨਾ ਸਹੀ। ਇੱਕ ਯੂਜ਼ਰ ਨੇ ਲਿਖਿਆ, ‘ਕੌਣ ਕਹਿੰਦਾ ਹੈ ਕਿ ਦੇਸ਼ ’ਚ ਗਰੀਬੀ ਹੈ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘ਗੁਰਦੁਆਰਾ ਸਾਹਿਬ ’ਚ ਗ੍ਰੰਥੀ ਨੂੰ ਪੈਸੇ ਦੇਣ ਲੱਗਿਆਂ ਲੋਕਾਂ ਨੂੰ ਮੌਤ ਪੈ ਜਾਂਦੀ ਹੈ, ਇੱਥੇ ਕਿਵੇਂ ਪੈਸਾ ਲੁਟਾ ਰਹੇ ਨੇ।’ ਇਸ ਕਾਰਨ ਗਾਇਕ ਵੀ ਖੂਬ ਟ੍ਰੋਲ ਹੋਏ।

ਗੁਰਦਾਸ ਮਾਨ
ਪੰਜਾਬੀ ਗਾਇਕ ਅਤੇ ਅਦਾਕਾਰ ਗੁਰਦਾਸ ਮਾਨ ਉਸ ਸਮੇਂ ਸੁਰਖੀਆਂ ਵਿੱਚ ਆਏ ਜਦੋਂ ਉਨ੍ਹਾਂ ਦਾ ਗੀਤ ‘ਗੱਲ ਸੁਣੋ ਪੰਜਾਬੀ ਦੋਸਤੋ’ ਰਿਲੀਜ਼ ਹੋਇਆ। ਦਰਅਸਲ, ਉਨ੍ਹਾਂ ਦੇ ਗੀਤ ਦੇ ਰਿਲੀਜ਼ ਹੁੰਦੇ ਹੀ ਤਹਿਲਕਾ ਮੱਚ ਗਿਆ ਸੀ। ਇਸ ਗੀਤ ਰਾਹੀਂ ਗੁਰਦਾਸ ਮਾਨ ਨੇ ਆਪਣੇ 2019 ਦੇ ਹਿੰਦੀ ਨੂੰ ਮਾਂ ਬੋਲੀ ਵਾਲੇ ਬਿਆਨ ਨੂੰ ਦਰਸਾਇਆ ਸੀ। ਹਾਲਾਂਕਿ ਇਸ ਗੀਤ ਨੂੰ ਲੈ ਕਲਾਕਾਰ ਸੁਰਖੀਆਂ ਵਿੱਚ ਰਹੇ। ਲੋਕਾਂ ਵੱਲੋਂ ਉਨ੍ਹਾਂ ਦੀ ਖੂਬ ਆਲੋਚਨਾ ਵੀ ਕੀਤੀ ਗਈ। ਅਸਲ ’ਚ ਮਾਮਲਾ ਸਾਲ 2019 ਦਾ ਹੈ। ਜਦੋਂ ਇੱਕ ਪ੍ਰੈਸ ਕਾਨਫ਼ਰੰਸ ’ਚ ਮਾਨ ਆਪਣੇ ਪੰਜਾਬੀ ਤੇ ਹਿੰਦੀ ਭਾਸ਼ਾ ’ਤੇ ਬਿਆਨ ਨੂੰ ਲੈਕੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਉਸ ਦੌਰਾਨ ਕਲਾਕਾਰ ਨੇ ਕਿਹਾ ਸੀ ਕਿ ਦੇਸ਼ ਵਿਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ। ਭਾਵ ਜਿਵੇਂ ਕਿ ਕੋਈ ਉੱਤਰ ਭਾਰਤ ਦਾ ਵਿਅਕਤੀ ਦੱਖਣੀ ਭਾਰਤ ਜਾ ਰਿਹਾ ਹੈ ਤਾਂ ਇੱਕ ਭਾਸ਼ਾ ਹੋਣ ਨਾਲ ਉਸ ਨੂੰ ਅਸਾਨੀ ਹੋਵੇਗੀ। ਉਨ੍ਹਾਂ ਨੇ ਪੰਜਾਬੀ ਨੂੰ ਮਾਂ ਬੋਲੀ ਤੇ ਹਿੰਦੀ ਨੂੰ ਮਾਸੀ ਕਿਹਾ ਸੀ। ਜਿਸ ਤੋਂ ਬਾਅਦ ਮਾਨ ਦਾ ਸੋਸ਼ਲ ਮੀਡੀਆ ’ਤੇ ਜ਼ਬਰਦਸਤ ਵਿਰੋਧ ਕੀਤਾ ਗਿਆ ਸੀ।
ਸ਼ੈਰੀ ਮਾਨ ਤੇ ਪਰਮੀਸ਼ ਵਰਮਾ
ਗਾਇਕ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਵਿਚਕਾਰ ਹੋਣ ਵਾਲਾ ਵਿਵਾਦ ਕਿਸੀ ਕੋਲੋਂ ਲੁਕਿਆ ਨਹੀਂ ਹੋਵੇਗਾ। ਦੋਵਾਂ ਵਿਚਕਾਰ ਖੂਬ ਇੰਸਟਾਗ੍ਰਾਮ ਜੰਗ ਦੇਖਣ ਨੂੰ ਮਿਲੀ। ਸ਼ੈਰੀ ਵੱਲੋਂ ਇੱਕ ਤੋਂ ਵੱਧ ਇੱਕ ਕਮੈਂਟ ਕਰ ਪਰਮੀਸ਼ ਨੂੰ ਖੂਬ ਗੱਲਾਂ ਸੁਣਾਈਆਂ ਗਈਆਂ। ਜ਼ਿਕਰਯੋਗ ਹੈ ਕਿ ਗਾਇਕ ਸ਼ੈਰੀ ਮਾਨ ਨੇ ਪਰਮੀਸ਼ ਦੇ ਵਿਆਹ ਦੇ ਇੱਕ ਸਮਾਗਮ ਵਿੱਚ ਸ਼ਿਰਕਤ ਕੀਤੀ ਸੀ। ਉਸ ਸਮਾਗਮ ਤੋਂ ਬਾਅਦ ਸ਼ੈਰੀ ਨੇ ਲਾਈਵ ਵੀਡੀਓ ਕੀਤੀ ਅਤੇ ਉੱਥੇ ਆਪਣੇ ਨਾਲ ਹੋਏ ਦੁਰਵਿਵਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਪਰਮੀਸ਼ ਦੇ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ। ਉਸ ਦੇ ਗੰਨਮੈਨਾਂ ਨੇ ਮੇਰਾ ਫੋਨ ਲੈ ਲਿਆ, ਮੈਂ ਇੱਕ ਵੀ ਫੋਟੋ ਨਹੀਂ ਖਿੱਚੀ। ਉਸ ਨੇ ਅੱਗੇ ਕਿਹਾ ਕਿ ਮੈਂ ਉਸ ਦੇ ਵਿਆਹ ਵਿਚ ਸ਼ਰਾਬ ਨਹੀਂ ਪੀਤੀ, ਜੇਕਰ ਮੈਂ ਸ਼ਰਾਬ ਪੀਤੀ ਹੁੰਦੀ ਤਾਂ ਉਸ ਦਾ ਬਿੱਲ ਵੀ ਬਣ ਜਾਂਦਾ। ਵਾਹ-ਵਾਹ, ਮੈਂ ਸੋਚਿਆ ਮੇਰਾ ਦੋਸਤ ਪਰਮੀਸ਼ ਦਾ ਵਿਆਹ ਹੈ, ਮੈਂ ਖੁਸ਼ ਸੀ ਪਰ ਹੁਣ ਕੋਈ ਦੋਸਤ ਨਹੀਂ ਹੈ, ਸਾਰੇ ਝੂਠੇ ਹਨ। ਹਾਲਾਂਕਿ ਇਸ ਵਿਵਾਦ ਉੱਪਰ ਲੰਬੇ ਸਮੇਂ ਬਾਅਦ ਵਿਰਾਮ ਲੱਗਾ।
ਕਰਤਾਰ ਚੀਮਾ
ਪੰਜਾਬੀ ਅਦਾਕਾਰ ਕਰਤਾਰ ਚੀਮਾ ਵੀ ਇਸ ਸਾਲ ਵਿਵਾਦਾਂ ਵਿੱਚ ਰਹੇ। ਦਰਅਸਲ, ਅਦਾਕਾਰ ’ਤੇ ਐਨ. ਐਸ. ਯੂ. ਆਈ. ਦੇ ਪ੍ਰਧਾਨ ਅਕਸ਼ੈ ਕੁਮਾਰ ਨੇ ਕਥਿਤ ਪੈਸੇ ਦੇ ਵਿਵਾਦ ਲਈ ਗੈਂਗਸਟਰ ਗੋਲਡੀ ਬਰਾੜ ਰਾਹੀਂ ਧਮਕੀਆਂ ਦੇਣ ਦਾ ਦੋਸ਼ ਲਗਾਇਆ ਸੀ। ਅਕਸ਼ੈ ਦਾ ਦੋਸ਼ ਸੀ ਕਿ ਕਰਤਾਰ ਚੀਮਾ ਨੇ ਫਿਲਮ ਬਣਾਉਣ ਲਈ ਉਸ ਤੋਂ ਲੱਖਾਂ ਰੁਪਏ ਲਏ ਸਨ ਪਰ ਜਦੋਂ ਵੀ ਪੈਸੇ ਵਾਪਸ ਮੰਗੇ ਜਾਂਦੇ ਸਨ ਤਾਂ ਉਹ ਗੈਂਗਸਟਰਾਂ ਨੂੰ ਬੁਲਾ ਲੈਂਦਾ ਸੀ। ਇਸਦੇ ਚੱਲਦੇ ਅੰਮ੍ਰਿਤਸਰ ਦੀ ਸਿਵਲ ਲਾਈਨ ਪੁਲਿਸ ਨੇ ਕਲਾਕਾਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਜੈਨੀ ਜੌਹਲ
ਪੰਜਾਬੀ ਗਾਇਕਾ ਜੈਨੀ ਜੌਹਲ ਉਸ ਸਮੇਂ ਵਿਵਾਦਾਂ ਵਿੱਚ ਆਈ ਜਦੋਂ ਉਸਦਾ ਗੀਤ ਲੈਟਰ ਟੂ ਸੀਐਮ ਰਿਲੀਜ਼ ਹੋਇਆ। ਦਰਅਸਲ, ਇਸ ਗੀਤ ਰਾਹੀਂ ਗਾਇਕਾ ਵੱਲੋਂ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਆਪਣੀ ਆਵਾਜ਼ ਬੁਲੰਦ ਕੀਤੀ ਗਈ। ਹਾਲਾਂਕਿ ਇਸ ਗੀਤ ਨੂੰ ਯੂਟਿਊਬ ਤੋਂ ਹਟਵਾ ਦਿੱਤਾ ਗਿਆ। ਜੈਨੀ ਜੌਹਲ ਦੇ ਗੀਤ ਨੂੰ ਸੁਣਨ ਤੋਂ ਬਾਅਦ ਨਾ ਸਿਰਫ ਪ੍ਰਸ਼ੰਸ਼ਕ ਬਲਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਗਾਇਕਾ ਦੇ ਸਮਰੱਥਨ ਵਿੱਚ ਉੱਤਰੇ। ਹਾਲਾਂਕਿ ਇਸ ਗੀਤ ਦੇ ਚੱਲਦੇ ਗਾਇਕਾ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ। ਇਸ ਤੋਂ ਬਾਅਦ ਗਾਇਕਾ ਵੱਲੋਂ ਮੂਸੇਵਾਲਾ ਦੇ ਇਨਸਾਫ ਲਈ ਕਈ ਸੋਸ਼ਲ ਪੋਸਟਾਂ ਵੀ ਸ਼ੇਅਰ ਕੀਤੀਆਂ ਗਈਆਂ।
ਮਨਕੀਰਤ ਔਲਖ
ਇਸ ਤੋਂ ਇਲਾਵਾ ਗਾਇਕ ਮਨਕੀਰਤ ਔਲਖ ਵੀ ਇਸ ਸਾਲ ਵਿਵਾਦਾਂ ਦਾ ਹਿੱਸਾ ਰਹੇ। ਦਰਅਸਲ, ਕਲਾਕਾਰ ਦਾ ਨਾਮ ਸਿੱਧੂ ਮੂਸੇਵਾਲਾ ਦੇ ਕਤਲ ਜਾਂਚ ਮਾਮਲੇ ਦੌਰਾਨ ਚਰਚਾ ਵਿੱਚ ਰਿਹਾ। ਇਸ ਦੀ ਵਜ੍ਹਾ ਉਸ ਦੀ ਵਿੱਕੀ ਮਿੱਡੂਖੇੜਾ ਤੇ ਲਾਰੈਂਸ ਬਿਸ਼ਨੋਈ ਨਾਲ ਦੋਸਤੀ ਸੀ। ਪਰ ਪੰਜਾਬ ਪੁਲਿਸ ਦੀ ਜਾਂਚ ’ਚ ਮਨਕੀਰਤ ਔਲਖ ਬੇਗੁਨਾਹ ਪਾਇਆ ਗਿਆ ਅਤੇ ਉਸ ਨੂੰ ਕਲੀਨ ਚਿੱਟ ਮਿਲੀ। ਮਨਕੀਰਤ ਔਲਖ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਅੱਜ-ਕੱਲ੍ਹ ਭਾਰਤ ਵਿੱਚ ਹੀ ਹੈ। ਇਸ ਸਮੇਂ ਉਹ ਆਪਣੇ ਪੁੱਤਰ ਨਾਲ ਖਾਸ ਸਮਾਂ ਬਤੀਤ ਕਰ ਰਹੇ ਹਨ। ਮਨਕੀਰਤ ਔਲਖ ਤੋਂ ਬੀਤੇ ਦਿਨੀਂ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਵਲੋਂ ਬੁਲਾ ਕੇ ਪੁੱਛ ਲਈ ਸੱਦਿਆ ਗਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਕੇਸ ਵਿਚ ਉਹ ਕਾਫੀ ਚਰਚਿਤ ਰਿਹਾ ਹੈ।

ਬੱਬੂ ਮਾਨ
ਇਸ ਸਾਲ ਪੰਜਾਬ ਗਾਇਕ ਬੱਬੂ ਮਾਨ ਵੀ ਕਾਫੀ ਚਰਚਾ ਵਿਚ ਰਿਹਾ। ਇਕ ਤਾਂ ਉਸ ਵਲੋਂ ਦੀਪ ਸਿੱਧੂ ਦੇ ਝੰਡਾ ਲਹਿਰਾਉਣ ’ਤੇ ਵਿਰੋਧੀ ਟਿਪਣੀ ਕੀਤੀ ਸੀ ਤੇ ਦੂਜਾ ਉਸ ਤੋਂ ਸਿੱਧੂ ਮੂਸੇਵਾਲਾ ਕੇਸ ਵਿਚ ਸਿਟ ਟੀਮ ਵਲੋਂ ਪੁੱਛਗਿੱਛ ਕੀਤੀ ਗਈ ਹੈ।
ਗੁਰਪ੍ਰੀਤ ਘੁੱਗੀ
ਪੰਜਾਬੀ ਫਿਲਮ ‘ਦਾਸਤਾਨ-ਏ-ਸਰਹਿੰਦ’ ਦੇ ਚੱਲਦੇ ਅਦਾਕਾਰ ਗੁਰਪ੍ਰੀਤ ਘੁੱਗੀ ਸੁਰਖੀਆਂ ਵਿੱਚ ਰਹੇ। ਦਰਅਸਲ, ਉਨ੍ਹਾਂ ਦੀ ਇਹ ਫਿਲਮ ਸਿੱਖ ਭਾਈਚਾਰੇ ਦੇ ਵਿਚਾਰਾਂ ਦੇ ਉਲਟ ਦੱਸੀ ਗਈ। ਜੋ ਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਦੁਖਾਉਂਦੀ ਹੈ।
ਦਿਲਜੀਤ ਦੋਸਾਂਝ
ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੇ ਬਿਆਨ ਨੂੰ ਲੈ ਕੇ ਸੁਰਖੀਆਂ ਵਿਚ ਰਹੇ। ਦਰਅਸਲ, ਦਿਲਜੀਤ ਨੇ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਸਿੱਧੂ ਮੂਸੇਵਾਲਾ ਦਾ ਕਤਲ ਸਰਕਾਰ ਦੀ ਨਾਲਾਇਕੀ ਦਾ ਨਤੀਜਾ ਦੱਸਿਆ ਸੀ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਭੱਖ ਗਈ। ਇਸ ਦੌਰਾਨ ਸੁਖਬੀਰ ਬਾਦਲ ਵੱਲੋਂ ਵੀ ਇਸ ਬਿਆਨ ਦਾ ਸਮਰਥਨ ਕੀਤਾ ਗਿਆ। ਇਹ ਉਹ ਕਲਾਕਾਰ ਹਨ ਜੋ ਕਿਸੀ ਨਾ ਕਿਸੀ ਵਜ੍ਹਾ ਦੇ ਚੱਲਦੇ ਚਰਚਾ ਵਿੱਚ ਰਹੇ।

You must be logged in to post a comment Login