ਰਾਜੋਆਣਾ ਨੂੰ ਭਰਾ ਦੇ ਭੋਗ ਵਿਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ 3 ਘੰਟੇ ਲਈ ਮਿਲੇਗੀ ਪੈਰੋਲ ’ਤੇ ਰਿਹਾਈ

ਰਾਜੋਆਣਾ ਨੂੰ ਭਰਾ ਦੇ ਭੋਗ ਵਿਚ ਸ਼ਾਮਲ ਹੋਣ ਲਈ ਬੁੱਧਵਾਰ ਨੂੰ 3 ਘੰਟੇ ਲਈ ਮਿਲੇਗੀ ਪੈਰੋਲ ’ਤੇ ਰਿਹਾਈ
ਚੰਡੀਗੜ੍ਹ, 19 ਨਵੰਬਰ- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਬਲਵੰਤ ਸਿੰਘ ਰਾਜੋਆਣਾ ਨੂੰ ਬੁੱਧਵਾਰ ਨੂੰ ਆਪਣੇ ਭਰਾ ਕੁਲਵੰਤ ਸਿੰਘ ਦੇ ਭੋਗ  ਵਿਚ ਸ਼ਾਮਲ ਹੋਣ ਲਈ ਤਿੰਨ ਘੰਟੇ ਪੈਰੋਲ ਉਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਗ਼ੌਰਤਲਬ ਹੈ ਕਿ ਰਾਜੋਆਣਾ ਇਸ ਵੇਲੇ ਕੇਂਦਰੀ ਜੇਲ੍ਹ ਪਟਿਆਲਾ ਵਿਚ ਬੰਦ ਹਨ। ਉਨ੍ਹਾਂ ਨੂੰ ਬੁੱਧਵਾਰ ਨੂੰ ਸਵੇਰੇ 11 ਤੋਂ ਬਾਅਦ ਦੁਪਹਿਰ 2 ਵਜੇ ਤੱਕ ਲੁਧਿਆਣਾ ਸਥਿਤ ਆਪਣੇ ਪਿੰਡ ਜਾ ਕੇ ਆਪਣੇ ਭਰਾ ਦੇ ਭੋਗ ਵਿਚ ਸ਼ਾਮਲ ਹੋਣ ਲਈ ਪੈਰੋਲ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਰਾਜੋਆਣਾ ਨੂੰ 2021 ਵਿਚ ਵੀ ਆਪਣੇ ਪਿਤਾ ਦੇ ਭੋਗ ਵਿਚ ਸ਼ਾਮਲ ਹੋਣ ਲਈ ਇਕ ਘੰਟੇ ਦੀ ਪੈਰੋਲ ਮਿਲੀ ਸੀ। ਜਾਣਕਾਰੀ ਮੁਤਾਬਕ ਰਾਜੋਆਣਾ ਦੇ ਭਰਾ ਕੁਲਵੰਤ ਸਿੰਘ ਦੀ ਇਸੇ ਮਹੀਨੇ ਦੇ ਸ਼ੁਰੂ ਵਿਚ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਨ੍ਹਾਂ ਦੀ ਆਤਮਿਕ ਸ਼ਾਂਤੀ  ਲਈ ਉਨ੍ਹਾਂ ਦੇ ਪਿੰਡ ਰਾਜੋਆਣਾ ਕਲਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਰੱਖਿਆ ਗਿਆ ਹੈ, ਜਿਸ ਦਾ  ਭੋਗ ਬੁਧਵਾਰ ਨੂੰ ਪਵੇਗਾ। ਰਾਜੋਆਣਾ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਉਨ੍ਹਾਂ ਨੂੰ ਭੋਗ ਵਿਚ ਸ਼ਾਮਲ ਹੋਣ ਦਾ ਮੌਕਾ ਦੇਣ ਦੀ ਅਪੀਲ ਕੀਤੀ ਸੀ।

You must be logged in to post a comment Login