ਐਸਜੀਪੀਸੀ 328 ਸਰੂਪਾਂ ਦੇ ਮਸਲੇ ’ਤੇ ਦੋਸ਼ੀਆਂ ਨੂੰ ਬਚਾਉਣ ਦੀ ਬਜਾਏ ਸਰਕਾਰ ਨਾਲ ਸਹਿਯੋਗ ਕਰੇ : ਜਗਮਿੰਦਰ ਸਵਾਜ਼ਪੁਰ

ਐਸਜੀਪੀਸੀ 328 ਸਰੂਪਾਂ ਦੇ ਮਸਲੇ ’ਤੇ ਦੋਸ਼ੀਆਂ ਨੂੰ ਬਚਾਉਣ ਦੀ ਬਜਾਏ ਸਰਕਾਰ ਨਾਲ ਸਹਿਯੋਗ ਕਰੇ : ਜਗਮਿੰਦਰ ਸਵਾਜ਼ਪੁਰ

ਪਟਿਆਲਾ, 26 ਦਸੰਬਰ (ਪ. ਪ.)-ਜਗਮਿੰਦਰ ਸਿੰਘ ਸਵਾਜ਼ਪੁਰ ਵਲੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਗੁੰਮ ਹੋਣ ਦੇ ਗੰਭੀਰ ਮਸਲੇ ’ਤੇ ਗਹਿਰੀ ਚਿੰਤਾ ਜ਼ਾਹਰ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ’ਚ ਰਾਜਨੀਤੀ ਕਰਨ ਦੀ ਬਜਾਏ ਦੋਸ਼ੀਆਂ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਖਿਲਾਫ਼ ਕਾਰਵਾਈ ਲਈ ਪੰਜਾਬ ਸਰਕਾਰ ਦਾ ਪੂਰਾ ਸਹਿਯੋਗ ਦੇਵੇ। ਜਗਮਿੰਦਰ ਸਵਾਜ਼ਪੁਰ ਨੇ ਕਿਹਾ ਕਿ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਪਾਵਨ ਸਰੂਪ ਦੇ ਅੰਗ ਗਲੀਆਂ ਵਿੱਚ ਖਿਲਾਰੇ ਜਾਣ ਦੀ ਦਰਦਨਾਕ ਘਟਨਾ ਨੇ ਸੰਸਾਰ ਭਰ ਦੀ ਸਿੱਖ ਸੰਗਤ ਨੂੰ ਝੰਝੋੜ ਕੇ ਰੱਖ ਦਿੱਤਾ ਸੀ, ਤਾਂ ਫਿਰ 328 ਪਾਵਨ ਸਰੂਪਾਂ ਦੇ ਗੁੰਮ ਹੋਣ ਵਰਗੇ ਅਤਿ ਗੰਭੀਰ ਮਸਲੇ ’ਤੇ ਹੋ ਰਹੀ ਕਾਨੂੰਨੀ ਕਾਰਵਾਈ ਦਾ ਐਸਜੀਪੀਸੀ ਵੱਲੋਂ ਵਿਰੋਧ ਸਮਝ ਤੋਂ ਪਰੇ ਹੈ।
ਉਨ੍ਹਾਂ ਨੇ ਸਪਸ਼ਟ ਕੀਤਾ ਕਿ ਗੁਰੂ ਸਾਹਿਬ ਨਾਲ ਜੁੜੇ ਮਸਲਿਆਂ ’ਤੇ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਪਰ ਇਸ ਆੜ ਹੇਠ ਦੋਸ਼ੀਆਂ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਦੀਆਂ ਕੋਸ਼ਿਸ਼ਾਂ ਵੀ ਕਦੇ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਦੋਸ਼ ਲਗਾਇਆ ਕਿ ਐਸਜੀਪੀਸੀ ਵੱਲੋਂ ਵੱਖ-ਵੱਖ ਗੁਰੂ ਘਰਾਂ ਅਤੇ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰਕੇ ਪੰਜਾਬ ਸਰਕਾਰ ਵੱਲੋਂ 328 ਸਰੂਪਾਂ ਦੇ ਮਸਲੇ ’ਚ ਦਰਜ ਕੀਤੀ ਗਈ ਐਫਆਈਆਰ ਸਬੰਧੀ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਰਕਾਰ ਧਾਰਮਿਕ ਮਸਲਿਆਂ ਵਿੱਚ ਦਖ਼ਲ ਦੇ ਰਹੀ ਹੈ।
ਜਗਮਿੰਦਰ ਸਵਾਜ਼ਪੁਰ ਨੇ ਕਿਹਾ ਨੇ ਮੰਗ ਕੀਤੀ ਕਿ ਐਸਜੀਪੀਸੀ ਇਹ ਸਪਸ਼ਟ ਕਰੇ ਕਿ ਆਖ਼ਰ 328 ਪਾਵਨ ਸਰੂਪ ਕਿੱਥੇ ਗਏ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਕਿਸ ’ਤੇ ਬਣਦੀ ਹੈ। ਉਨ੍ਹਾਂ ਸਵਾਲ ਉਠਾਇਆ ਕਿ ਗੁੰਮਸ਼ੁਦਾ ਸਰੂਪਾਂ ਦੇ ਮਸਲੇ ’ਤੇ ਮੰਗ ਪੱਤਰ ਰਾਹੀਂ ਇਨਸਾਫ਼ ਦੀ ਮੰਗ ਕਰਨ ਵਾਲੀਆਂ ਸਿੱਖ ਸੰਗਤਾਂ ’ਤੇ ਟਾਸਕ ਫੋਰਸ ਵੱਲੋਂ ਕੀਤੇ ਗਏ ਹਮਲੇ ਕਿਸ ਦੇ ਇਸ਼ਾਰੇ ’ਤੇ ਕਰਵਾਏ ਗਏ ਅਤੇ ਲਗਭਗ ਪੰਜ ਸਾਲਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ’ਤੇ ਚੱਲ ਰਹੇ ਸ਼ਾਂਤਮਈ ਮੋਰਚੇ ਨੂੰ ਤਸੱਲੀਬਖ਼ਸ਼ ਜਵਾਬ ਦੇ ਕੇ ਖ਼ਤਮ ਕਰਨ ਤੋਂ ਕਿਸ ਨੇ ਰੋਕਿਆ।
ਉਨ੍ਹਾਂ ਕਿਹਾ ਕਿ ਮਿਆਦ ਪੂਰੀ ਕਰ ਚੁੱਕੀ ਐਸਜੀਪੀਸੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਵਿੱਚ ਅਸਫਲ ਰਹੀ ਹੈ, ਜਿਸ ਕਾਰਨ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪਏ। ਆਗੂਆਂ ਅਨੁਸਾਰ ਆਮ ਸਿੱਖ ਸੰਗਤ ਸਰਕਾਰ ਦੀ ਕਾਰਵਾਈ ਦੀ ਸ਼ਲਾਘਾ ਕਰ ਰਹੀ ਹੈ, ਪਰ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਧਿਰ ਦੋਸ਼ੀਆਂ ਨੂੰ ਬਚਾਉਣ ਲਈ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰ ਰਹੀ ਹੈ।

You must be logged in to post a comment Login