ਸਿਡਨੀ ਦੇ ਗੁਰਦੁਆਰਾ ਗਲੈਨਵੁੱਡ ਸਾਹਿਬ ਦੇ ਪੰਜਾਬੀ ਸਕੂਲ ਵਿੱਚ ਸੈਮੀਨਾਰ ਹੋਇਆ

ਸਿਡਨੀ ਦੇ ਗੁਰਦੁਆਰਾ ਗਲੈਨਵੁੱਡ ਸਾਹਿਬ ਦੇ ਪੰਜਾਬੀ ਸਕੂਲ ਵਿੱਚ ਸੈਮੀਨਾਰ ਹੋਇਆ

   ਸਿਡਨੀ- ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੀ ਰਹਿਨੁਮਾਈ ਵਿੱਚ ਸਥਾਨਕ ਗੁਰਦੁਆਰਾ ਗਲੈਨਵੁੱਡ ਸਾਹਿਬ ਵਿਖੇ 23 ਅਕਤੂਬਰ ਐਤਵਾਰ ਵਾਲੇ ਦਿਨ, ਗੁਰਦੁਆਰਾ ਗਲੈਨਵੁੱਡ ਸਾਹਿਬ ਦੇ ਪੰਜਾਬੀ ਸਕੂਲ ਕੰਪਲੈਕਸ ਅੰਦਰ “ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਰਲੇਵਾਂ/ਛੇੜ ਛਾੜ ਦੀਆਂ ਕੋਸ਼ਿਸ਼ਾਂ: ਸਿੱਖਾਂ ਦੇ ਡਰ ਅਤੇ ਖਦਸ਼ੇ” ਵਿਸ਼ੇ ਸਬੰਧੀ ਇੱਕ ਸੈਮੀਨਾਰ ਹੋਇਆ। ਇਸ ਸੈਮੀਨਾਰ ਦੀ ਪ੍ਰਧਾਨਗੀ ਕੰਪਨੀ ਡਾਇਰੈਕਟਰ ਡਾ ਅਲਬੇਲ ਸਿੰਘ ਕੰਗ, ਪ੍ਰਸਿੱਧ ਸਾਹਿਤਕਾਰ ਗਿਆਨੀ ਸੰਤੋਖ ਸਿੰਘ, ਚੇਅਰਪਰਸਨ ਡਾ ਕਰਨਜੀਤ ਸਿੰਘ ਸੰਧੂ, ਸ੍ਰ ਜਸਬੀਰ ਸਿੰਘ ਰੰਧਾਵਾ, ਸ੍ਰ ਕੁਲਵਿੰਦਰ ਸਿੰਘ ਬਾਜਵਾ, ਅਤੇ ਪ੍ਰੋ ਸੁਖਵੰਤ ਸਿੰਘ ਗਿੱਲ ਉੱਪਰ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।
ਗਿਆਨੀ ਸੰਤੋਖ ਸਿੰਘ ਨੇ ਇਸ ਮੌਕੇ ਗੁਰਬਾਣੀ ਅਤੇ ਸਿੱਖ ਇਤਿਹਾਸ ਵਿਸ਼ੇ ਬਾਰੇ ਬੋਲਦਿਆਂ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰਬਾਣੀ ਨਾਲ ਛੇੜਛਾੜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸ ਸਬੰਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਪਸ਼ਟ ਤੌਰ ‘ਤੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਫੁਰਮਾਨ ਹੈ :

“ਗੁਰਬਾਣੀ ਹਰਿ ਨਾਮ ਸਮਾਇਆ। ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ।”

ਭਾਵ ਜੋ ਬਾਣੀ ਨੇ ਸਾਨੂੰ “ਗੁਰੁ” ਦੱਸੇ ਹਨ, ਜੇਕਰ ਉਹ ਅਸੀਂ ਪੂਰੀ ਤਰ੍ਹਾਂ ਮੰਨੀਏਂ, ਤਾਂ ਗੁਰੂ ਸਾਨੂੰ ਆਪਣੇ ਆਪ ਬਚਾ ਲੈਂਦਾ ਹੈ। ਬਹੁਤਾ ਫ਼ਿਕਰ ਕਰਨ ਦੀ ਲੋੜ ਨਹੀਂ ਹੈ। ਬਹੁਤੀ ਲੋੜ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਨੂੰ ਮੰਨਣ ਦੀ ਹੈ। ਹਾਂ! ਇਹ ਗੱਲ ਜ਼ਰੂਰ ਹੈ ਕਿ ਇਹ ਸਾਨੂੰ ਮੰਨਣ ਦੀ ਲੋੜ ਹੈ ਕਿ ਇਤਿਹਾਸ ਅੰਦਰ ਛੇੜਛਾੜ ਜ਼ਰੂਰ ਹੋਈ ਹੈ ਅਤੇ ਹੋ ਵੀ ਰਹੀ ਹੈ। ਇਸ ਸਬੰਧੀ ਸਿੱਖ ਸੰਗਤਾਂ ਨੂੰ ਸੁਚੇਤ ਰਹਿਣ ਦੀ ਬਹੁਤ ਜ਼ਿਆਦਾ ਲੋੜ ਹੈ। ਇਸ ਸਬੰਧੀ ਉਹਨਾਂ ਨੇ ਆਪਣੇ ਅਧਿਆਪਕ ਪ੍ਰਿੰਸੀਪਲ ਸਾਹਿਬ ਸਿੰਘ ਜੀ ਦੇ ਹਵਾਲੇ ਨਾਲ ਦੱਸਿਆ ਕਿ ਉਹ ਕਿਹਾ ਕਰਦੇ ਸਨ ਕਿ ਜੇਕਰ ਇਤਿਹਾਸਕਾਰਾਂ ਜਾਂ ਸਾਖੀਕਾਰਾਂ ਵੱਲੋਂ ਦਿੱਤੇ ਵੇਰਵੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਬਾਣੀ ਅਨੁਸਾਰ ਹਨ, ਤਾਂ ਉਹਨਾਂ ਨੂੰ ਮੰਨਣਾ ਚਾਹੀਦਾ ਹੈ ਅਤੇ ਜਿਹੜੇ ਪ੍ਰਮਾਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਬਾਣੀ ਅਨੁਸਾਰ ਨਹੀਂ ਹਨ, ਉਹਨਾਂ ਨੂੰ ਮੂਲੋਂ ਹੀ ਰੱਦ ਕਰ ਦੇਣਾ ਚਾਹੀਦਾ ਹੈ। ਇਸ ਸੈਮੀਨਾਰ ਵਿੱਚ ਬੋਲਦਿਆਂ ਪ੍ਰੋ ਸੁਖਵੰਤ ਸਿੰਘ ਗਿੱਲ ਨੇ ਕਿਹਾ ਕਿ ਗੁਰਬਾਣੀ ਅੰਦਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛੱਕਣ ਦੀ ਲੋੜ ਉੱਪਰ ਜ਼ੋਰ ਦਿੱਤਾ ਹੈ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1245 ਉੱਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਹਿੰਦੂ, ਮੁਸਲਮਾਨ ਅਤੇ ਜੋਗੀਆਂ ਬਾਰੇ ਬਾਖੂਬੀ ਫੁਰਮਾਇਆ ਹੈ ਕਿ:

ਸਲੋਕ ਮਃ ੧ ॥ ਗਿਆਨ ਵਿਹੂਣਾ ਗਾਵੈ ਗੀਤ ॥ ਭੁਖੇ ਮੁਲਾਂ ਘਰੇ ਮਸੀਤਿ ॥ ਮਖਟੂ ਹੋਇ ਕੈ ਕੰਨ ਪੜਾਏ ॥ ਫਕਰੁ ਕਰੇ ਹੋਰੁ ਜਾਤਿ ਗਵਾਏ ॥ ਗੁਰੁ ਪੀਰੁ ਸਦਾਏ ਮੰਗਣ ਜਾਇ ॥ ਤਾ ਕੈ ਮੂਲਿ ਨ ਲਗੀਐ ਪਾਇ ॥ ਘਾਲਿ ਖਾਇ ਕਿਛੁ ਹਥਹੁ ਦੇਇ ॥ ਨਾਨਕ ਰਾਹੁ ਪਛਾਣਹਿ ਸੇਇ ॥੧॥ {ਪੰਨਾ 1245}

ਭਾਵ ਪੰਡਿਤ ਦਾ ਇਹ ਹਾਲ ਹੈ ਕਿ ਪਰਮਾਤਮਾ ਦੇ ਭਜਨ ਤਾਂ ਗਾਂਦਾ ਹੈ ਪਰ ਆਪ ਸਮਝ ਤੋਂ ਸੱਖਣਾ ਹੈ ਭਾਵ ਭਜਨ ਗਾਣ ਨੂੰ ਉਹ ਰੋਜ਼ੀ ਦਾ ਵਸੀਲਾ ਬਣਾਈ ਰੱਖਦਾ ਹੈ, ਸਮਝ ਉੱਚੀ ਨਹੀਂ ਹੋ ਸਕੀ । ਭੁੱਖ ਦੇ ਮਾਰੇ ਹੋਏ ਮੁੱਲਾਂ ਦੀ ਮਸੀਤ ਭੀ ਰੋਜ਼ੀ ਦੀ ਖ਼ਾਤਰ ਹੀ ਹੈ ਭਾਵ, ਮੁੱਲਾਂ ਨੇ ਵੀ ਬਾਂਗ ਨਮਾਜ਼ ਆਦਿਕ ਮਸੀਤ ਦੀ ਸਾਰੀ ਕ੍ਰਿਆ ਨੂੰ ਰੋਟੀ ਦਾ ਇਕ ਵਸੀਲਾ ਬਣਾਇਆ ਹੋਇਆ ਹੈ, ਤੀਜਾ ਇਕ ਹੋਰ ਹੈ ਜੋ ਹੱਡ-ਹਰਾਮ ਹੋਣ ਕਰਕੇ ਕੰਨ ਪੜਵਾ ਲੈਂਦਾ ਹੈ, ਫ਼ਕੀਰ ਬਣ ਜਾਂਦਾ ਹੈ, ਆਪਣੀ ਕੁਲ ਦੀ ਅਣਖ ਗਵਾ ਬੈਠਦਾ ਹੈ, ਉਂਝ ਤਾਂ ਆਪਣੇ ਆਪ ਨੂੰ ਗੁਰੂ ਪੀਰ ਅਖਵਾਂਦਾ ਹੈ, ਪਰ ਰੋਟੀ ਦਰ ਦਰ ਮੰਗਦਾ ਫਿਰਦਾ ਹੈ; ਅਜੇਹੇ ਬੰਦੇ ਦੇ ਪੈਰੀਂ ਕਦੇ ਵੀ ਨਹੀਂ ਪੈਣਾ ਚਾਹੀਦਾ। ਸੋ, ਜੋ ਮਨੁੱਖ ਮਿਹਨਤ ਨਾਲ ਕਮਾ ਕੇ ਆਪ ਖਾਂਦਾ ਹੈ ਤੇ ਉਸ ਕਮਾਈ ਵਿਚੋਂ ਕੁਝ ਹੋਰਨਾਂ ਨੂੰ ਭੀ ਦੇਂਦਾ ਹੈ, ਹੇ ਨਾਨਕ! ਅਜਿਹਾ ਬੰਦਾ ਹੀ ਜ਼ਿੰਦਗੀ ਦਾ ਸਹੀ ਰਸਤਾ ਪਛਾਣਦਾ ਹੈ। ਸੋ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਉਪਰੋਕਤ ਮਾਰਗ ਉੱਪਰ ਚੱਲਣ ਨਾਲ ਕਿਸੇ ਕਿਸਮ ਦੀ ਛੇੜਛਾੜ ਜਾਂ ਰਲੇਵੇਂ ਸਬੰਧੀ ਖਦਸ਼ਾ ਪ੍ਰਗਟਾਉਣਾ ਨਿਰਮੂਲ ਕਾਰਜ ਹੈ।
ਇਸ ਮੌਕੇ ਪ੍ਰਸਿੱਧ ਵਿਦਵਾਨ ਇੰਜ: ਸ੍ਰ ਮਨਜਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਗੱਲ ਬਹੁਤ ਹੀ ਜ਼ਿਆਦਾ ਠੀਕ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਬਾਣੀ ਉੱਪਰ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ ਅਤੇ ਕੇਵਲ ਭਾਈ ਨੰਦ ਲਾਲ ਜਾਂ ਭਾਈ ਗੁਰਦਾਸ ਜੀ ਦੀ ਬਾਣੀ ਉੱਪਰ ਹੀ ਵਿਚਾਰ ਹੋ ਸਕਦਾ ਹੈ। ਪਰ ਇਸ ਵੇਲੇ ਗੁਰਦੁਆਰਿਆਂ ਅੰਦਰ ਬੜਾ ਕੁੱਝ ਹੋਰ ਹੀ ਹੋ ਰਿਹਾ ਹੈ। ਕਈ ਗੁਰਦੁਆਰਿਆਂ ਅੰਦਰ‌ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਹੀ ਸੂਰਜ ਪ੍ਰਕਾਸ਼, ਗੁਰਬਿਲਾਸ ਆਦਿ ਦਾ ਵੀ ਪਾਠ ਹੁੰਦਾ ਹੈ। ਅਸਲੀਅਤ ਇਹ ਹੈ ਕਿ ਉਸ ਸਮੇਂ ਦੇ ਗ੍ਰੰਥੀਆਂ ਨੇ ਗੁਰੂ ਸਾਹਿਬ ਬਾਰੇ ਕੁੱਝ ਸਾਖੀਆਂ ਲਿਖੀਆਂ। ਇਹਨਾਂ ਸਾਖੀਆਂ ਅੰਦਰ ਸਾਡੇ ਗੁਰੂ ਸਾਹਿਬਾਨ ਬਾਰੇ ਚੰਗਾ ਵੀ ਲਿਖਿਆ ਹੈ ਅਤੇ ਮਾੜਾ ਵੀ ਲਿਖਿਆ ਗਿਆ ਹੈ। ਸਾਡੇ ਸਿੱਖਾਂ ਕੋਲ ਪੜ੍ਹਨ ਲਿਖਣ ਦੀ ਰੁੱਚੀ ਘੱਟ ਹੈ। ਉਹ ਸਾਨੂੰ ਉਸ ਸਮੇਂ, ਜੋ ਕੁੱਝ ਉਹਨਾਂ ਸਾਡੇ ਗੁਰੂ ਸਾਹਿਬਾਨ ਬਾਰੇ ਚੰਗਾ ਲਿਖਿਆ ਸੀ, ਉਹ ਹੀ ਸੁਣਾਉਂਦੇ ਰਹੇ ਹਨ, ਮਾੜਾ ਨਹੀਂ। ਪਰ ਅੱਜ ਕੱਲ੍ਹ ਉਲਟਾ ਸ਼ੁਰੂ ਹੋ ਗਿਆ ਹੈ।‌ ਅੱਜ ਕੱਲ੍ਹ ਇਹਨਾਂ ਸਾਖੀਆਂ ਵਿੱਚ, ਜਿਹੜਾ ਕੁੱਝ ਸਾਡੇ ਗੁਰੂ ਸਾਹਿਬਾਨ ਬਾਰੇ ਮਾੜਾ ਲਿਖਿਆ ਗਿਆ ਸੀ, ਉਹ ਹੀ ਸੁਣਾਇਆ ਜਾ ਰਿਹਾ ਹੈ। ਹੋਰ ਤਾਂ ਹੋਰ ਸਾਡੇ ਸਿੱਖਾਂ ਦੇ ਇੱਕ ਧਾਰਮਿਕ ਸੰਪਰਦਾ ਨੇ “ਮੂਲ ਮੰਤ੍ਰ” ਵਿੱਚ ਵੀ ਤਬਦੀਲੀ ਕਰ ਲਈ ਹੈ। ਇਸ ਮੁੱਦੇ ਨੂੰ ਵੀ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। ਪ੍ਰਿੰਸੀਪਲ ਕੁਲਵੰਤ ਕੌਰ ਗਿੱਲ ਨੇ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਸੱਚੀ ਸੁੱਚੀ ਕਿਰਤ ਕਰਨ, ਨਾਮ ਜਪਣ ਅਤੇ ਵੰਡ ਛੱਕਣ ਦਾ ਉਪਦੇਸ਼ ਦਿੱਤਾ ਸੀ, ਪਰ ਅੱਜ ਸਾਡੇ ਗੁਰਦੁਆਰਿਆਂ ਉੱਪਰ ਹੌਲੀ ਹੌਲੀ ਚੋਣਾਂ ਰਾਹੀਂ ਆਧੁਨਿਕ ਮਹੰਤਾਂ ਦਾ ਕਬਜ਼ਾ ਹੁੰਦਾ ਜਾ ਰਿਹਾ ਹੈ ਅਤੇ ਗੁਰਦੁਆਰਿਆਂ ਦਾ ਧਨ ਨਿੱਜੀ ਹਿੱਤਾਂ ਲਈ ਜਾਂ ਸਿਆਸੀ ਚੋਣਾਂ ਜਿੱਤਣ ਲਈ ਵਰਤਿਆ ਜਾਂਦਾ ਹੈ।
ਪ੍ਰਸਿੱਧ ਵਿਦਵਾਨ ਡਾ ਦੇਵਿੰਦਰ ਸਿੰਘ ਜੀਤਲਾ, ਸੋ ਇਸ ਵੇਲੇ ਕੈਨੇਡਾ ਵਿੱਚ ਹਨ, ਨੇ ਇਸ ਸੈਮੀਨਾਰ ਲਈ ਆਪਣਾ ਪੇਪਰ ਲਿਖ ਕੇ ਭੇਜਿਆ, ਜਿਸ ਨੂੰ ਸਪੋਰਟਸ ਅਤੇ ਕਲਚਰ ਡਾਇਰੈਕਟਰ ਸ੍ਰ ਕੁਲਵਿੰਦਰ ਸਿੰਘ ਬਾਜਵਾ ਜੀ ਨੇ ਪੜ੍ਹਿਆ। ਇਸ ਪੇਪਰ ਵਿੱਚ ਡਾ ਜੀਤਲਾ ਜੀ ਨੇ ਕਿਹਾ ਕਿ ਜਿਥੋਂ ਤੱਕ ਗੁਰਬਾਣੀ ਅੰਦਰ ਰਲੇਵੇਂ ਦਾ ਸਬੰਧ ਹੈ, ਮੈਂ ਸਮਝਦਾ ਹਾਂ ਕਿ ਇਸ ਅੰਦਰ ਮਿਲਾਵਟ ਹੋ ਚੁੱਕੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਹਨ। ਉਹਨਾਂ ਨੇ ਉਸ ਸਮੇਂ ਦੀਆਂ ਪ੍ਰਚਲਿਤ ਅੰਧ ਵਿਸ਼ਵਾਸ਼ੀ ਕਦਰਾਂ ਕੀਮਤਾਂ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ, ਜਿਹੜੀ ਉਸ ਸਮੇਂ ਦੀ ਹਾਕਮ ਜਮਾਤ ਨੂੰ ਹਜ਼ਮ ਨਹੀਂ ਸੀ ਹੋ ਰਹੀ ਅਤੇ ਇਸ ਜਮਾਤ ਨੇ ਭਗਤ ਧੰਨਾ ਜੀ ਵੱਲੋਂ ਪੱਥਰ ਵਿਚੋਂ ਰੱਬ ਲੱਭਣ ਦੀ ਕਹਾਣੀ ਘੜ ਕੇ ਪੇਸ਼ ਕਰ ਦਿੱਤੀ। ਇਸ ਕਹਾਣੀ ਦਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਖ਼ੁਦ ਖੰਡਨ ਕੀਤਾ ਹੈ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1160 ਉੱਪਰ ਦਰਜ ਹੈ:

ਮਹਲਾ ੫ ॥ ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥ ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ ਰਹਾਉ ॥ ਅੰਤਰਿ ਦੇਉ ਨ ਜਾਨੈ ਅੰਧੁ ॥ ਭ੍ਰਮ ਕਾ ਮੋਹਿਆ ਪਾਵੈ ਫੰਧੁ ॥ ਨ ਪਾਥਰੁ ਬੋਲੈ ਨਾ ਕਿਛੁ ਦੇਇ ॥ ਫੋਕਟ ਕਰਮ ਨਿਹਫਲ ਹੈ ਸੇਵ ॥੨॥ ਜੇ ਮਿਰਤਕ ਕਉ ਚੰਦਨੁ ਚੜਾਵੈ ॥ ਉਸ ਤੇ ਕਹਹੁ ਕਵਨ ਫਲ ਪਾਵੈ ॥ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥ ਤਾਂ ਮਿਰਤਕ ਕਾ ਕਿਆ ਘਟਿ ਜਾਈ ॥੩॥ ਕਹਤ ਕਬੀਰ ਹਉ ਕਹਉ ਪੁਕਾਰਿ ॥ ਸਮਝਿ ਦੇਖੁ ਸਾਕਤ ਗਾਵਾਰ ॥ ਦੂਜੈ ਭਾਇ ਬਹੁਤੁ ਘਰ ਗਾਲੇ ॥ ਰਾਮ ਭਗਤ ਹੈ ਸਦਾ ਸੁਖਾਲੇ ॥੪॥੪॥੧੨॥ {ਪੰਨਾ 1160}

ਭਾਵ ਸਾਡਾ ਠਾਕੁਰ ਸਦਾ ਬੋਲਦਾ ਹੈ, ਉਹ ਪ੍ਰਭੂ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਜੋ ਮਨੁੱਖ ਪੱਥਰ ਦੀ ਮੂਰਤੀ ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ। ਜੋ ਮਨੁੱਖ ਪੱਥਰ ਦੀ ਮੂਰਤੀ ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ। ਅੰਨ੍ਹਾ ਮੂਰਖ ਆਪਣੇ ਅੰਦਰ-ਵੱਸਦੇ ਰੱਬ ਨੂੰ ਨਹੀਂ ਪਛਾਣਦਾ, ਭਰਮ ਦਾ ਮਾਰਿਆ ਹੋਇਆ ਹੋਰ ਹੋਰ ਜਾਲ ਵਿਛਾਉਂਦਾ ਹੈ। ਇਹ ਪੱਥਰ ਨਾ ਬੋਲਦਾ ਹੈ, ਨਾ ਕੁਝ ਦੇ ਸਕਦਾ ਹੈ, ਇਸ ਨੂੰ ਇਸ਼ਨਾਨ ਕਰਾਣ ਤੇ ਭੋਗ ਆਦਿਕ ਲਵਾਣ ਦੇ ਸਾਰੇ ਕੰਮ ਵਿਅਰਥ ਹਨ, ਇਸ ਦੀ ਸੇਵਾ ਵਿਚੋਂ ਕੋਈ ਫਲ ਨਹੀਂ ਮਿਲਦਾ। ਜੇ ਕੋਈ ਮਨੁੱਖ ਮੁਰਦੇ ਨੂੰ ਚੰਦਨ ਰਗੜ ਕੇ ਲਾ ਦੇਵੇ, ਉਸ ਮੁਰਦੇ ਨੂੰ ਕੋਈ ਇਸ ਸੇਵਾ ਦਾ ਫਲ ਨਹੀਂ ਮਿਲ ਸਕਦਾ। ਤੇ, ਜੇ ਕੋਈ ਮੁਰਦੇ ਨੂੰ ਗੰਦ ਵਿਚ ਰੋਲ ਦੇਵੇ, ਤਾਂ ਵੀ ਉਸ ਮੁਰਦੇ ਦਾ ਕੋਈ ਵਿਗਾੜ ਨਹੀਂ ਹੋ ਸਕਦਾ। ਕਬੀਰ ਆਖਦਾ ਹੈ– ਮੈਂ ਪੁਕਾਰ ਪੁਕਾਰ ਕੇ ਆਖਦਾ ਹਾਂ ‘ਹੇ ਰੱਬ ਨਾਲੋਂ ਟੁੱਟੇ ਹੋਏ ਮੂਰਖ! ਸਮਝ ਕੇ ਵੇਖ, ਰੱਬ ਨੂੰ ਛੱਡ ਕੇ ਕਿਸੇ ਹੋਰ ਵਿਚ ਪਿਆਰ ਪਾ ਕੇ ਬਥੇਰੇ ਜੀਵ ਤਬਾਹ ਹੋ ਗਏ। ਸਦਾ ਸੁਖੀ ਜੀਵਨ ਵਾਲੇ ਸਿਰਫ਼ ਉਹੀ ਹਨ ਜੋ ਪ੍ਰਭੂ ਦੇ ਭਗਤ ਹਨ’। ਸ੍ਰ ਬਲਬਿੰਦਰ ਸਿੰਘ ਨੇ ਕਿਹਾ ਕਿ ਅੱਜ ਸਾਡੀ ਸਿੱਖ ਸੰਗਤ ਅੰਦਰ “ਨਾਨਕ ਨੀਵਾਂ ਜੋ ਚਲੇ, ਲੱਗੇ ਨਾ ਤਾਤੀ ਵਾਉ” ਵਰਗੇ ਅਜਿਹੇ ਕਈ ਸ਼ਬਦ ਆ ਗਏ ਹਨ, ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਦਰਜ ਨਹੀਂ ਹਨ, ਪਰ ਜਿੰਨ੍ਹਾਂ ਨੂੰ ਸਿੱਖ ਸੰਗਤਾਂ ਵੱਲੋਂ ਅਗਿਆਨਤਾ ਕਾਰਨ ਗੁਰਬਾਣੀ ਦੇ ਸਮਾਨੰਤਰ ਹੀ ਸਮਝਿਆ ਜਾ ਰਿਹਾ ਹੈ। ਸਿੱਖ ਸੰਗਤਾਂ ਨੂੰ ਅਜਿਹੀਆਂ ਕੁਤਾਹੀਆਂ ਵੱਲ ਧਿਆਨ ਦੇਣ ਦੀ ਬਹੁਤ ਸਖ਼ਤ ਲੋੜ ਹੈ।
ਸ੍ਰ ਸਤਨਾਮ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਸੀਂ ਸਿੱਖੀ ਸਿਧਾਂਤਾਂ ਦੀ ਗੱਲ ਤਾਂ ਜ਼ਰੂਰ ਕਰਦੇ ਹਾਂ, ਪਰ ਇਹਨਾਂ ਸਿਧਾਂਤਾਂ ਉੱਪਰ ਅਮਲ ਕਰਨ ਦੀ ਲੋੜ ਨਹੀਂ ਸਮਝਦੇ। ਲੋੜ ਇਸ ਗੱਲ ਦੀ ਹੈ ਕਿ ਅਸੀਂ ਸਿੱਖੀ ਸਿਧਾਂਤਾਂ ਦੀ ਗੱਲ ਵੀ ਕਰੀਏ ਅਤੇ ਇਹਨਾਂ ਸਿਧਾਂਤਾਂ ਉੱਪਰ ਅਮਲ ਵੀ ਕਰੀਏ।
ਸ੍ਰ ਜੋਗਿੰਦਰ ਸਿੰਘ ਸੋਹੀ ਨੇ ਕਿਹਾ ਕਿ ਮੈਂ ਖੁਦ 12 ਸਾਲ ਪਹਿਲਾਂ ਵਾਲ ਕਟਾਏ ਹੋਏ ਸਨ ਅਤੇ ਹੁਣ ਗੁਰਦੁਆਰੇ ਵਿੱਚ ਆਉਣ ਵਾਲੀ ਸੰਗਤ ਵਿੱਚ ਵਿਚਰਨ ਨਾਲ ਅੱਜ ਮੈਂ ਆਪਣੇ ਗੁਰੂ ਦੇ ਲੜ ਲੱਗ ਚੁੱਕਾ ਹਾਂ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਖੁਦ ਪੜ੍ਹਨ ਤੋਂ ਬਾਅਦ, ਉਸ ਅਨੁਸਾਰ ਅਮਲ ਕਰਨ ਦੀ ਅੱਜ ਸਾਰੀ ਸੰਗਤ ਦੀ ਡਾਹਢੀ ਲੋੜ ਹੈ।
ਸ਼੍ਰੀਮਤੀ ਪਰਮੀਤ ਕੌਰ ਨੇ ਕਿਹਾ ਕਿ ਜੇਕਰ ਅੱਜ ਸਿੱਖੀ ਅੰਦਰ ਗਿਰਾਵਟ ਆ ਰਹੀ ਹੈ, ਤਾਂ ਉਸ ਗਿਰਾਵਟ ਲਈ ਅਸੀਂ ਖ਼ੁਦ ਵੀ ਜ਼ਿੰਮੇਵਾਰ ਹਾਂ। ਅਸੀਂ ਆਪਣੇ 24 ਘੰਟੇ ਦੇ ਸਮੇਂ ਵਿੱਚੋਂ ਬਹੁਤ ਘੱਟ ਸਮਾਂ ਆਪਣੇ ਗੁਰੂ ਨਾਲ ਗੁਜ਼ਾਰਦੇ ਹਾਂ। ਅੱਜ ਲੋੜ ਇਸ ਚੀਜ਼ ਦੀ ਹੈ ਕਿ ਅਸੀਂ ਆਪਣੇ ਗੁਰੂ ਨਾਲ ਵੱਧ ਸਮਾਂ ਗੁਜ਼ਾਰੀਏ ਅਤੇ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਈਏ।
ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਬੋਰਡ ਆਫ ਡਾਇਰੈਕਟਰਜ਼ ਦੇ ਚੇਅਰਮੈਨ ਡਾ ਕਰਨਜੀਤ ਸਿੰਘ ਸੰਧੂ ਜੀ ਨੇ ਇਸ ਸੈਮੀਨਾਰ ਵਿੱਚ ਸ਼ਾਮਲ ਹੋਣ ਲਈ ਸਮੂਹ ਵਿਦਵਾਨਾਂ, ਵਿਸ਼ੇਸ਼ ਤੌਰ ‘ਤੇ ਇਸ ਸੈਮੀਨਾਰ ਦਾ ਸੁਚੱਜਾ ਪ੍ਰਬੰਧ ਕਰਨ ਲਈ ਪ੍ਰੋ ਸੁਖਵੰਤ ਸਿੰਘ ਗਿੱਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਨੇ ਵਿਦਵਾਨਾਂ ਨੂੰ ਸਿੱਖ ਇਤਿਹਾਸ ਅੰਦਰ ਛੇੜਛਾੜ ਅਤੇ ਗੁਰਬਾਣੀ ਅੰਦਰ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਹੋਰ ਜ਼ਿਆਦਾ ਲਗਨ ਨਾਲ ਕੰਮ ਕਰਨ ਲਈ ਕਿਹਾ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਨਿਕਟ ਭਵਿੱਖ ਵਿਚ ਸਿੱਖ ਇਤਿਹਾਸ ਅਤੇ ਗੁਰਬਾਣੀ ਉੱਪਰ ਪੀ ਐੱਚ ਡੀ ਕਰਨ ਵਾਲੇ ਵਿਦਿਆਰਥੀਆਂ ਨੂੰ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਸਕਾਲਰਸ਼ਿਪ ਦੇਣ ਦੀ ਵੀ ਤਜਵੀਜ਼ ਹੈ, ਜਿਸ ਨੂੰ ਨਿਕਟ ਭਵਿੱਖ ਵਿੱਚ ਚੰਗੀ ਤਰ੍ਹਾਂ ਵਿਚਾਰ ਚਰਚਾ ਤੋਂ ਬਾਅਦ ਜਲਦੀ ਹੀ ਅਮਲ ਵਿੱਚ ਲਿਆਂਦਾ ਜਾਵੇਗਾ। ਉਹਨਾਂ ਇਹ ਵੀ ਵਿਸ਼ਵਾਸ ਦਿਵਾਇਆ ਕਿ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਭੱਵਿਖ ਵਿੱਚ ਵੀ ਅਜਿਹੇ ਸੈਮੀਨਾਰ ਕਰਵਾਇਆ ਜਾਇਆ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ ਅਮਰੀਕ ਸਿੰਘ ਡੋਗਰਾ, ਸ੍ਰ ਹਰਿੰਦਰ ਸਿੰਘ, ਸ੍ਰ ਮੋਹਨ ਸਿੰਘ ਪੂੰਨੀ, ਸ੍ਰ ਰਣਜੀਤ ਸਿੰਘ ਭੁੱਲਰ, ਸ੍ਰ ਬਲਵੰਤ ਸਿੰਘ, ਸ੍ਰ ਗੁਰਦਿਆਲ ਸਿੰਘ, ਸ੍ਰ ਬਿਕਰਮਜੀਤ ਸਿੰਘ ਗਿੱਲ, ਸ੍ਰ ਹਰਗੁਰਅਨਾਦ ਸਿੰਘ ਗਿੱਲ, ਸ਼੍ਰੀਮਤੀ ਕੁਲਦੀਪ ਕੌਰ ਪੂੰਨੀ, ਸ਼੍ਰੀਮਤੀ ਗਿਆਨ ਕੌਰ ਗਿੱਲ ਅਤੇ ਸ਼੍ਰੀਮਤੀ ਸੰਦਲ ਡੋਗਰਾ ਵੀ ਹਾਜ਼ਰ ਸਨ। ਸਮੁੱਚੇ ਤੌਰ ‘ਤੇ ਇਹ ਇਕ ਯਾਦਗਾਰੀ ਸੈਮੀਨਾਰ ਹੋ ਨਿਬੜਿਆ।

– ਪ੍ਰੋ ਸੁਖਵੰਤ ਸਿੰਘ ਗਿੱਲ ਬਟਾਲਾ
ਹਾਲ ਵਾਸੀ ਸਿਡਨੀ।
ਸੰਪਰਕ 94172-34744

You must be logged in to post a comment Login