ਪਾਲੇਕਲ, 19 ਫਰਵਰੀ (ਪ.ਪ.)- ਪਾਲੇਕਲ ਵਿੱਚ ਜ਼ਿੰਬਾਬਵੇ ਅਤੇ ਆਇਰਲੈਂਡ ਵਿਚਕਾਰ ਖੇਡਿਆ ਜਾਣ ਵਾਲਾ ਟੀ-20 ਵਿਸ਼ਵ ਕੱਪ ਦਾ ਅਹਿਮ ਮੁਕਾਬਲਾ ਮੀਂਹ ਦੀ ਭੇਟ ਚੜ੍ਹ ਗਿਆ। ਮੈਚ ਰੱਦ ਹੋਣ ਕਾਰਨ ਦੋਵਾਂ ਟੀਮਾਂ ਨੂੰ ਇੱਕ-ਇੱਕ ਅੰਕ ਦਿੱਤਾ ਗਿਆ, ਜਿਸ ਨਾਲ ਜ਼ਿੰਬਾਬਵੇ ਦੇ ਕੁੱਲ 5 ਅੰਕ ਹੋ ਗਏ ਹਨ। ਇਨ੍ਹਾਂ ਅੰਕਾਂ ਦੀ ਬਦੌਲਤ ਜ਼ਿੰਬਾਬਵੇ ਨੇ ਸੁਪਰ-8 ਪੜਾਅ ਲਈ ਕੁਆਲੀਫਾਈ ਕਰ ਲਿਆ ਹੈ, ਜਦਕਿ ਇਸ ਨਤੀਜੇ ਨੇ ਸਾਬਕਾ ਚੈਂਪੀਅਨ ਆਸਟਰੇਲੀਆ ਅਤੇ ਆਇਰਲੈਂਡ ਨੂੰ ਵਿਸ਼ਵ ਕੱਪ ਦੀ ਦੌੜ ਤੋਂ ਬਾਹਰ ਕਰ ਦਿੱਤਾ ਹੈ।ਜ਼ਿੰਬਾਬਵੇ ਸੁਪਰ-8 ਵਿੱਚ ਪਹੁੰਚਣ ਵਾਲੀ ਸੱਤਵੀਂ ਟੀਮ ਬਣ ਗਈ ਹੈ। ਉਹ ਹੁਣ ਗਰੁੱਪ G1 ਦਾ ਹਿੱਸਾ ਹੋਵੇਗੀ, ਜਿਸ ਵਿੱਚ ਭਾਰਤ, ਦੱਖਣੀ ਅਫਰੀਕਾ ਅਤੇ ਵੈਸਟਇੰਡੀਜ਼ ਵਰਗੀਆਂ ਮਜ਼ਬੂਤ ਟੀਮਾਂ ਸ਼ਾਮਲ ਹਨ। ਜ਼ਿੰਬਾਬਵੇ ਦਾ ਸੁਪਰ-8 ਵਿੱਚ ਪਹਿਲਾ ਮੁਕਾਬਲਾ 26 ਫਰਵਰੀ ਨੂੰ ਚੇਨਈ ਵਿਖੇ ਭਾਰਤ ਨਾਲ ਹੋਵੇਗਾ। ਇਸ ਤੋਂ ਪਹਿਲਾਂ ਜ਼ਿੰਬਾਬਵੇ 19 ਫਰਵਰੀ ਨੂੰ ਮੇਜ਼ਬਾਨ ਸ੍ਰੀਲੰਕਾ ਵਿਰੁੱਧ ਆਪਣਾ ਆਖਰੀ ਗਰੁੱਪ ਮੈਚ ਖੇਡੇਗਾ।ਸ੍ਰੀਲੰਕਾ 6 ਅੰਕਾਂ ਨਾਲ ਪਹਿਲਾਂ ਹੀ ਸੁਪਰ-8 ਲਈ ਕੁਆਲੀਫਾਈ ਕਰ ਚੁੱਕਾ ਹੈ। ਆਸਟਰੇਲੀਆ ਦੀ ਟੀਮ ਜ਼ਿੰਬਾਬਵੇ ਅਤੇ ਸ੍ਰੀਲੰਕਾ ਤੋਂ ਹਾਰ ਗਈ ਸੀ ਜਿਸ ਤੋਂ ਬਾਅਦ ਉਸ ਦੇ ਸਿਰਫ 2 ਅੰਕ ਸਨ। ਉਸ ਨੂੰ ਉਮੀਦ ਸੀ ਕਿ ਜ਼ਿੰਬਾਬਵੇ ਆਪਣੇ ਬਾਕੀ ਦੋਵੇਂ ਮੈਚ ਹਾਰ ਜਾਵੇਗਾ ਪਰ ਲਗਾਤਾਰ ਪਏ ਮੀਂਹ ਨੇ ਆਸਟਰੇਲੀਆ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਪਾਲੇਕਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਟਾਸ ਵਿੱਚ ਦੇਰੀ ਹੋਣ ਤੋਂ ਬਾਅਦ ਮੈਦਾਨ ਕਾਫ਼ੀ ਸਮਾਂ ਕਵਰਾਂ ਹੇਠ ਰਿਹਾ ਅਤੇ ਗਿੱਲੀ ਆਊਟਫੀਲਡ ਕਾਰਨ ਇੱਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ।
You must be logged in to post a comment Login