ਸਦਾ ਵਗਦੀ ਹੈ ਜੀਵਨ-ਧਾਰਾ

ਸਦਾ ਵਗਦੀ ਹੈ ਜੀਵਨ-ਧਾਰਾ
-ਜਸਵਿੰਦਰ ਸਿੰਘ ਰੁਪਾਲ

ਸਾਨੂੰ ਜੀਵਨ ਜਿਊਣ ਲਈ ਮਿਲਿਆ ਹੈ, ਇਹ ਕੁਦਰਤ ਵੱਲੋਂ ਹੈ ਜਾਂ ਕਾਦਰ ਵੱਲੋਂ-ਕੋਈ ਫਰਕ ਨਹੀਂ ਪੈਂਦਾ ਕਿ ਇਹ ਦਾਤ ਦਿੱਤੀ ਕਿਸ ਨੇ ਹੈ, ਮਹੱਤਵਪੂਰਨ ਪੱਖ ਤਾਂ ਇਹ ਹੈ ਕਿ ਅਸੀਂ ਇਸ ਦਾਤ ਨੂੰ ਕਿਵੇਂ ਵਰਤਿਆ ਹੈ। ਮਨੁੱਖ ਨੂੰ ਸਮੁੱਚੀ ਮਖ਼ਲੂਕਾਤ ਦਾ ਸਰਦਾਰ ਮੰਨਿਆ ਗਿਆ ਹੈ, ਕਿਉਂਕਿ ਉਸ ਕੋਲ ਸੋਚਣ ,ਵਿਚਾਰਨ, ਵਿਸ਼ਲੇਸ਼ਣ ਕਰਨ ,ਕਲਪਨਾ ਕਰਨ,ਸੁਪਨੇ ਦੇਖਣ, ਨਵਾਂ ਸਿਰਜਣ ਕਰਨ ਅਤੇ ਫੈਸਲੇ ਲੈਣ ਦੀ ਸਮਰੱਥਾ ਹੈ। ਉਸ ਨੇ ਆਪਣੀ ਇਸ ਯੋਗਤਾ ਨੂੰ ਬਾਖੂਬੀ ਵਰਤਿਆ ਵੀ ਹੈ ਅਤੇ ਇਸੇ ਕਾਰਨ ਅੱਜ ਉਹ ਨਾ ਕੇਵਲ ਜੀਵਾਂ ਦਾ ਹੀ ਸਰਦਾਰ ਹੈ,ਸਗੋਂ ਉਸਨੇ ਕੁਦਰਤੀ ਸ਼ਕਤੀਆਂ ਨੂੰ,ਕੁਦਰਤੀ ਸਾਧਨਾਂ ਨੂੰ ਆਪਣੇ ਸੁੱਖ ਸਹੂਲਤਾਂ ਲਈ ਖੂਬ ਵਰਤਿਆ ਹੈ ਅਤੇ ਬੇਅੰਤ ਵੱਡੀਆਂ ਆਫ਼ਤਾਂ ਤੇ ਵੀ ਕਾਬੂ ਪਾਇਆ ਹੈ। ਜੀ ਹਾਂ, ਇਹੀ ਤਾਂ ਜਿੰਦਗੀ ਹੈ। ਇਸ ਨੂੰ ਪੂਰੀ ਜਿੰਮੇਵਾਰੀ ਨਾਲ ਜੀਂਦਿਆਂ ਮਨੁੱਖ ਨੇ ਬਹੁਤ ਸਾਰੀਆਂ ਮੁਸ਼ਕਲਾਂ ਦਾ ਵੀ ਸਾਹਮਣਾ ਕੀਤਾ ਹੈ। ਜਿੰਦਗੀ ਦੇ ਹਰ ਪੱਖ ਨੂੰ ਹੋਰ ਸੋਹਣਾ ਬਣਾਉਣ ਲਈ ਭਾਵੇ ਉਹ ਧਨ ਦੌਲਤ ਜਾਂ ਦੁਨਿਆਵੀ ਲੋੜਾਂ ਦੀ ਪੂਰਤੀ ਹੋਵੇ, ਮਨ ਦੀ ਭਾਵਨਾਤਮਕ ਤਸੱਲੀ ਹੋਵੇ, ਕਲਾ ਅਤੇ ਵਿਗਿਆਨਕ ਵਿਕਾਸ ਦੀ ਗੱਲ ਹੋਵੇ ਜਾਂ ਇੱਥੇ ਵਿਚਰਦਿਆਂ ਆਪਣੇ ਸਮਾਜਿਕ ਸੰਬੰਧਾਂ ਨੂੰ ਨਿਭਾਉਣ ਦਾ ਮਸਲਾ ਹੋਵੇ, ਮਨੁੱਖ ਨੇ ਹਰ ਪੱਖ ਤੇ ਬੇਅੰਤ ਸੰਘਰਸ਼ ਕੀਤਾ ਹੈ। ਸਿਰਫ ਸੰਘਰਸ਼ ਕੀਤਾ ਹੀ ਨਹੀਂ, ਸਗੋਂ ਇਸ ਵਿੱਚ ਕਾਮਯਾਬੀ ਵੀ ਪਾਈ ਹੈ।
ਹਰ ਸੋਹਣੇ ਨੂੰ ਹੋਰ ਸੋਹਣਾ ਬਣਾਉਣ ਲਈ ਅਤੇ ਹਰ ਮਾੜੇ ਜਾਂ ਗਲਤ ਨੂੰ ਠੀਕ ਅਤੇ ਸੋਹਣਾ ਬਣਾਉਣ ਲਈ ਇਸ ਦੇ ਕਦਮ ਸਦਾ ਹਰਕਤ ਵਿੱਚ ਰਹੇ ਹਨ। ਇਸ ਨੇ ਖਿਆਲਾਂ ਅਤੇ ਵਿਚਾਰਾਂ ਨੂੰ ਸਾਣ ਤੇ ਲਗਾਇਆ ਹੈ, ਹੋਰ ਰਗੜਿਆ ਹੈ,ਆਪਣੇ ਇਤਿਹਾਸ ਵਿਚੋਂ ਚੰਗਿਆਂ ਤੋਂ ਪ੍ਰੇਰਨਾ ਲਈ ਹੈ ਅਤੇ ਹੋਈਆਂ ਗਲਤੀਆਂ ਤੋਂ ਸਬਕ ਸਿੱਖ ਕੇ ਆਪਣੀ ਨਿੱਜੀ ਸਖਸ਼ੀਅਤ ਨੂੰ,ਆਪਣੀ ਸਭਿਅਤਾ ਨੂੰ ਅਤੇ ਆਪਣੇ ਸਭਿਆਚਾਰ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਇਆ ਹੈ। ਆਪਣੇ ਇਸ ਕਰਮ ਵਿੱਚ ਜੀਵਨ ਦਾ ਇਹ ਅਣਥੱਕ ਪਾਂਧੀ ਲਗਾਤਾਰ ਲੱਗਿਆ ਹੋਇਆ ਹੈ। ਇਹੀ ਇਸ ਦੀ ਸਭ ਤੋਂ ਵੱਡੀ ਖੂਬੀ ਹੈ, ਇਹੀ ਇਸ ਦੀ ਕਲਾ ਹੈ ਅਤੇ ਇਹੀ ਇਸ ਦਾ ਫਰਜ ਵੀ ਹੈ।
ਜਨਾਬ,ਕਦੇ ਨਦੀਆਂ ਨੂੰ ਰੁਕ ਕੇ ਸਾਹ ਲੈਂਦਿਆਂ ਤੱਕਿਆ ਹੈ, ਨਹੀਂ ਨਾ? ਕਦੇ ਸੂਰਜ, ਚੰਦ,ਸਿਤਾਰੇ ਬ੍ਰਹਿਮੰਡ ਨੂੰ ਆਪਣੀ ਗਤੀ ਤੋਂ ਅੱਕਦਾ ਥੱਕਦਾ ਸੁਣਿਆ ਹੈ? ਨਹੀਂ, ਕਦੇ ਵੀ ਨਹੀਂ। ਜਿਵੇ ਇਹ ਕੁਦਰਤ ਦਾ ਇੱਕ ਸਵੈ-ਚਾਲਿਤ ਅਨੁਸ਼ਾਸ਼ਨ ਹੈ, ਉਸੇ ਤਰਾਂ ਮਨੁੱਖੀ ਜਿੰਦਗੀ ਦੀ ਗਤੀ ਹੈ। ਇਸ ਜਿੰਦਗੀ ਦੇ ਸਕੂਲ ਵਿੱਚ ਬੇਅੰਤ ਵਿਦਿਆਰਥੀ ਆਉਂਦੇ ਹਨ, ਪੜ੍ਹਦੇ ਹਨ,ਸਿੱਖਦੇ ਹਨ,ਕੁਝ ਆਪਣੀ ਪੜ੍ਹਾਈ ਪੂਰੀ ਕਰਕੇ ਸਕੂਲ ਛੱਡ ਜਾਂਦੇ ਹਨ,ਕੁਝ ਰਸਤੇ ਚੋਂ ਵੀ ਉਕਤਾ ਕੇ ਛੱਡ ਦਿੰਦੇ ਹਨ,ਪਰ ਇਹ ਹੋਇਆ ਹੀ ਨਹੀਂ, ਹੋ ਸਕਦਾ ਹੀ ਨਹੀਂ ਕਿ ਇਸ ਸਕੂਲ ਵਿੱਚ ਕਦੇ ਛੁੱਟੀ ਮਿਲੇ। ਮਤਲਬ ਹੀ ਨਹੀਂ। ਜੋ ਇਸ ਦੀ ਗਤੀ ਦੇ ਨਾਲ ਨਹੀਂ ਤੁਰ ਸਕਣਗੇ, ਉਹ ਖਤਮ ਹੁੰਦੇ ਰਹਿਣਗੇ। ਜਿਵੇ ਇੱਕ ਦਰਖਤ ਦੇ ਸੁੱਕੇ ਪੱਤੇ ਝੜਦੇ ਜਾਂਦੇ ਹਨ ਅਤੇ ਨਵੀਆਂ ਕਰੂੰਬਲਾਂ ਫੁੱਟਦੀਆਂ ਰਹਿੰਦੀਆਂ ਹਨ। ਕਰਮ ,ਕਰਮ ,ਕਰਮ ,ਕਰਮ ਅਤੇ ਕਰਮ ਹੀ ਇਸ ਸਕੂਲ ਦਾ ਪਹਿਲਾ ਅਤੇ ਇਹੀ ਇਸ ਦਾ ਆਖਰੀ ਸਬਕ ਹੈ। ਬੱਸ ਤੁਸੀਂ ਕਰਮ ਕਰਦੇ ਰਹੋ–ਕਦਮ ਚੱਲਦੇ ਰਹਿਣ,ਦਿਮਾਗ ਸੋਚਦਾ ਰਵੇ,ਖਿਆਲ ਉਡਦੇ ਰਹਿਣ। ਆਪਣੀਆਂ ਲੋੜਾਂ ਪੂਰੀਆਂ ਕਰਦੇ ਰਵੋ। ਨਵੀਆਂ ਲੋੜਾਂ ਸਿਰਜਦੇ ਰਹੋ। ਕੁਝ ਪਦਾਰਥਕ ਬਣਾਉਂਦੇ ਰਹੋ। ਪੁਰਾਣੇ ਅਤੇ ਨਾ ਵਰਤੋਂਯੋਗ ਨੂੰ ਨਕਾਰਦੇ ਰਹੋ। ਨਵੀਆਂ ਸਿਰਜਣਾਵਾਂ ਦਾ ਆਕਾਸ਼ ਬਹੁਤ ਮੋਕਲਾ ਹੈ। ਹਰ ਛੋਟੀ ਤੋਂ ਛੋਟੀ ਵਸਤੂ ਤੋਂ ਲੈ ਕੇ ਹਰ ਵੱਡੀ ਤੋਂ ਵੱਡੀ ਵਸਤੂ ਨੇ ਹੋਰ ਵਿਕਾਸ ਕਰਨਾ ਹੈ। ਹਰ ਵਸਤੂ ਦੇ ਆਕਾਰ, ਗਤੀ, ਤਰੰਗਾਂ ਅਤੇ ਦਿਸਹੱਦਿਆਂ ਤੇ ਅਜੇ ਹੋਰ ਨਵੀਆਂ ਖੋਜਾਂ ਹੋਣੀਆਂ ਹਨ। ਜੁਟੇ ਰਹੋ। ਕਦੇ ਪੁਰਾਤਨ ਨੂੰ ਅੰਤਿਮ ਸਮਝ ਕੇ ਸੰਤੁਸ਼ਟ ਨਹੀਂ ਹੋਣਾ। ਆਪਣੀ ਜਗਿਆਸਾ ਨੂੰ ਜਗਾਈ ਰੱਖਣਾ ਹੈ। ਸਿਰਫ ਪਦਾਰਥਕ ਪੱਖ ਤੋਂ ਹੀ ਨਹੀਂ, ਅਜੋਕੇ ਮਨੁੱਖ ਨੇ ਸੂਖਮ ਪੱਖ ਵਿਚ ਵੀ ਬੇਅੰਤ ਖੋਜਾਂ ਕੀਤੀਆਂ ਹਨ। ਮਨ ਦੇ ਕਿੰਨੇ ਹੀ ਭੇਦ ਲੱਭ ਲਏ ਹਨ। ਸੁਪਨੇ, ਸੋਚਣ, ਖਿਆਲ, ਭਾਵਨਾਵਾਂ, ,ਸੰਵੇਦਨਾਵਾਂ ਕਿਸ ਵਿਸ਼ੇ ਨੂੰ ਨਹੀਂ ਛੋਹਿਆ ਗਿਆ ? ਜਿਹੋ ਜਿਹੀ ਚਾਹੁੰਦੇ ਹਾਂ ,ਓਹੀ ਜਿਹੀ ਸੋਚ ਅਸੀਂ ਬਣਾ ਸਕਦੇ ਹਾਂ। ਆਤਮਾ ਦੇ ਪੱਧਰ ਤੇ ਵੀ ਬਹੁਤ ਕੁਝ ਹੋਇਆ ਹੈ, ਬਹੁਤ ਕੁਝ ਹੋ ਰਿਹਾ ਹੈ ਅਤੇ ਅੱਗੇ ਹੋਰ ਬਹੁਤ ਕੁਝ ਨਵਾਂ ਹੋਣ ਦੀਆਂ ਸੰਭਾਵਨਾਵਾਂ ਬਣੀਆਂ ਰਹਿਣਗੀਆਂ। ਬੱਸ ਇੱਕ ਅਣਥੱਕ ਪਾਂਧੀ ਵਾਂਗ ਲਗਾਤਾਰ ਤੁਰਦੇ ਰਹਿਣ ਦੀ ਜਰੂਰਤ ਹੈ। ਜਿੰਦਗੀ ਨੂੰ ਸਕਾਰਾਤਮਕ ਦ੍ਰਿਸ਼ਟੀ ਤੋਂ ਦੇਖੋ। ਸ਼ੱਕ, ਸ਼ਿਕਵੇ ਅਤੇ ਸ਼ਿਕਾਇਤਾਂ ਨੂੰ ਛੱਡ ਦੇਵੋ, ਭੁੱਲ ਜਾਵੋ ਹਰ ਨਾਂਹ ਵਾਚਕ ਵਾਰਤਾ ਨੂੰ। ਆਕਾਸ਼ ਬਾਹਵਾਂ ਅੱਡੀ ਖੜ੍ਹਾ ਹੈ, ਬੱਸ ਤੁਸੀਂ ਪਰਵਾਜ਼ ਭਰਨ ਦਾ ਹੌਂਸਲਾ ਨਹੀਂ ਡਿੱਗਣ ਦੇਣਾ । ਹਾਂ, ਕਦੇ ਕਦੇ ਜੋ ਅਸੀਂ ਨਹੀਂ ਸੋਚਿਆ ਤੇ ਚਾਹਿਆ ਹੁੰਦਾ, ਉਸ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਕਿਸੇ ਬਹੁਤ ਕਰੀਬੀ ਦਾ ਸਾਥ ਛੱਡ ਜਾਣਾ, ਕਿਸੇ ਵੱਡੇ ਘਾਟੇ ਦਾ ਸਾਹਮਣਾ ਕਰਨਾ ਪੈਣਾ, ਕਿਸੇ ਅਜਿਹੀ ਬੀਮਾਰੀ ਜਾਂ ਦਰਦ ਨਾਲ ਵਾਹ ਪਏ ਜਾਣਾ, ਜੋ ਤਨ,ਮਨ ਅਤੇ ਧਨ ਨੂੰ ਚੂਸ ਕੇ ਰੱਖ ਦੇਵੇ, ਕਿਤੇ ਸਨਮਾਨ ਤੇ ਸਤਿਕਾਰ ਦੀ ਥਾਂ ਅਪਮਾਨ ਮਿਲ ਜਾਣਾ ਆਦਿ ਬੜਾ ਕੁਝ ਇੱਕ ਵਿਅਕਤੀ ਦੀ ਜਿੰਦਗੀ ਵਿੱਚ ਆ ਜਾਂਦਾ ਹੈ। ਸਮੂਹਿਕ ਰੂਪ ਵਿੱਚ ਵੀ ਕਿਧਰੇ ਕੋਈ ਕੁਦਰਤੀ ਆਫ਼ਤ ਭੁਚਾਲ, ਹੜ੍ਹ, ਕਰੋਨਾ, ਆਦਿ ਵਰਗੀਆਂ ਸੈਂਕੜੇ ਬਿਪਤਾਵਾਂ ਦਾ ਸਾਹਮਣਾ ਮਨੁੱਖਤਾ ਨੇ ਕੀਤਾ ਹੈ। ਪਰ ਕੀ ਉਹ ਸਦਾ ਰਹੀਆਂ ? ਕੁਝ ਵੀ ਸਦੀਵੀ ਨਹੀਂ। ਕਿਸੇ ਰਾਤ ਦੇ ਸੁਪਨੇ ਵਾਂਗ ਸਭ ਬੀਤ ਜਾਂਦਾ ਹੈ, ਜੋ ਅੱਧ ਪਚੱਧਾ ਜਿਹਾ ਯਾਦ ਰਹਿੰਦਾ ਹੈ, ਉਹ ਵੀ ਬਹੁਤ ਥੋੜ੍ਹੀ ਦੇਰ ਲਈ ਹੀ। ਮੁੜ ਜਿੰਦਗੀ ਆਪਣੀ ਤੋਰ ਤੁਰਦੀ ਜਾਂਦੀ ਹੈ। ਸਭ ਕੁਝ ਪਹਿਲਾਂ ਵਾਂਗ ਹੀ ਹੋ ਰਿਹਾ ਹੁੰਦਾ ਹੈ।….ਇੱਕ ਪਲ ਲਈ ਸੋਚੋ ਕਿ ਜੇ ਅਸੀਂ ਮਰ ਜਾਈਏ, ਤਾਂ ਕੀ ਦੁਨੀਆਂ ਰੁਕ ਜਾਏਗੀ ? ਕੁਝ ਵੀ ਨਹੀਂ ਰੁਕੇਗਾ। ਰਿਸ਼ਤੇਦਾਰ ਤੇ ਦੋਸਤ ਕੁਝ ਦਿਨ ਸੋਗ ਮਨਾ ਕੇ ਫਿਰ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਰੁੱਝ ਜਾਣਗੇ ਅਤੇ ਤੁਹਾਡੇ ਹਰ ਕਾਰਜ ਦਾ ਬਦਲ ਲੱਭ ਲਿਆ ਜਾਏਗਾ।
ਇਸ ਲਈ ਹਮੇਸ਼ਾ ਇਹ ਸੋਚ ਕੇ ਕਿ ਦੁਨੀਆਂ ਨੂੰ ਤੁਹਾਡੀ ਲੋੜ ਨਹੀਂ, ਸਗੋਂ ਤੁਹਾਨੂੰ ਦੁਨੀਆਂ ਦੀ ਲੋੜ ਹੈ, ਸੰਪਰਕ ਵਿਚ ਆਏ ਹਰ ਇਨਸਾਨ ਨਾਲ ਹਮੇਸ਼ਾ ਆਪਣੇ ਮਨ,ਬਚਨ ਅਤੇ ਕਰਮ ਕਰਕੇ ਚੰਗਾ ਹੀ ਕਰੋ। ਬਦਲੇ ਵਿੱਚ ਆਪਣੇ ਆਪ ਚੰਗਾ ਹੀ ਮਿਲੇਗਾ।
ਉਹ ਜੋ ਤੁਸੀਂ ਸੋਚਿਆ ਹੈ, ਕਲਪਿਆ ਹੈ, ਮਹਿਸੂਸਿਆ ਹੈ, ਦੇਖਿਆ ਪਰਖਿਆ ਹੈ, ਸਿੱਟਾ ਕੱਢਿਆ ਹੈ, ਉਹ ਨਿਰੋਲ ਤੁਹਾਡਾ ਆਪਣਾ ਮੌਲਿਕ ਹੈ। ਕੋਈ ਸ਼ੱਕ ਨਹੀਂ ਕਿ ਤੁਸੀਂ ਉਸ ਲਈ ਕੁਝ ਪਹਿਲੀਆਂ ਜਾਣੀਆਂ ਪਹਿਚਾਣੀਆਂ ,ਸੁਣੀਆਂ ਦੇਖੀਆਂ, ਵਸਤੂਆਂ ਅਤੇ ਵਿਚਾਰਧਾਰਾਵਾਂ ਦੀ ਮੱਦਦ ਵੀ ਲਈ ਸੀ । ਤੁਸੀਂ ਕੁਝ ਉਹਨਾਂ ਨੂੰ ਤਰਾਸ਼ਿਆ ਵੀ ਹੈ, ਕੁਝ ਮੁਰਦਾ ਹੋ ਚੁੱਕੀਆਂ ਵਿੱਚ ਜਾਨ ਵੀ ਪਾਈ ਹੈ ਅਤੇ ਕੁਝ ਬਿਲਕੁਲ ਨਵੀਆਂ ਨੂੰ ਵੀ ਜਨਮ ਦਿੱਤਾ ਹੈ। ਤੁਸੀਂ ਸਿਰਜਣਾ ਦੀ ਇਸ ਲੰਮੇ ਅਤੇ ਕਦੇ ਨਾ ਖਤਮ ਹੋਣ ਯੋਗ ਪ੍ਰਕਿਰਿਆ ਵਿੱਚ ਹਿੱਸਾ ਵੀ ਪਾਇਆ ਹੈ ਅਤੇ ਪਾਂ ਵੀ ਰਹੇ ਹੋ। ਤੁਹਾਡੀਆਂ ਸਿਰਜੀਆਂ ਤੇ ਸੋਧੀਆਂ ਵਸਤੂਆਂ ਅਤੇ ਸੋਚੀਆਂ ਵਿਚਾਰਧਾਰਾਵਾਂ ਅਤੇ ਕਹਾਣੀਆਂ ਨੇ ਸਮਾਜ ਦੇ ਵੱਖ ਵੱਖ ਵਿਅਕਤੀਆਂ ਤੇ ਵੱਖ ਵੱਖ ਅਸਰ ਵੀ ਪਾਇਆ ਹੈ ਅਤੇ ਪਾਉਣਾ ਵੀ ਹੈ। ਕੁਝ ਨੂੰ ਉਹਨਾਂ ਨੇ ਬਹੁਤ ਸੁੱਖ ਅਤੇ ਸਕੂਨ ਵੀ ਪਹੁੰਚਾਇਆ ਹੋਵੇਗਾ ਅਤੇ ਕੁਝ ਉਸੇ ਤੋਂ ਬਹੁਤ ਔਖੇ ਵੀ ਹੋਣਗੇ। ਤੁਹਾਡੇ ਵਿਰੋਧ ਵਿੱਚ ਵੀ ਖੜ੍ਹੇ ਹੋਏ ਹੋਣਗੇ। ਤੁਸੀਂ ਇਹਨਾਂ ਦੋਹਾਂ ਦੀ ਪਰਵਾਹ ਨਹੀਂ ਕਰਨੀ। ਪ੍ਰਸੰਸਾ ਤੋਂ ਫੁੱਲ ਕੇ ਆਪਣੇ ਆਪ ਨੂੰ ਵੱਡਾ ਨਹੀਂ ਸਮਝ ਲੈਣਾ, ਹੰਕਾਰ ਵਿਚ ਨਹੀਂ ਆ ਜਾਣਾ ਅਤੇ ਆਲੋਚਨਾ ਅਤੇ ਵਿਰੋਧ ਤੋਂ ਆਪਣੀ ਚਾਲ ਮੱਠੀ ਨਹੀਂ ਕਰ ਲੈਣੀ। ਆਪਣੀ ਆਤਮਾ ਦੀ ਆਵਾਜ ਨੂੰ ਪਹਿਚਾਣੋ, ਠੀਕ ਅਤੇ ਚੰਗੇ ਦੀ ਚੋਣ ਕਰੋ ਤੇ ਬੱਸ !!! ਹੁਣ ਬਿਨਾਂ ਕਿਸੇ ਰੁਕਾਵਟ ਦੇ ਚੱਲਦੇ ਰਹੋ। ਬਹੁਤ ਚੰਗੇਰੀਆਂ ਅਤੇ ਵਧੀਆ ਮੰਜਲਾਂ ਤੁਹਾਡਾ ਰਾਹ ਉਡੀਕ ਰਹੀਆਂ ਹਨ। ਤੁਰਦੇ ਰਹੋ, ਤੁਰਦੇ ਰਹੋ ਅਤੇ ਤੁਰਦੇ ਰਹੋ ।…..
ਤੁਸੀਂ ਅਕਾਸ਼ ਦੀ ਵਿਸ਼ਾਲਤਾ ,ਸਮੁੰਦਰ ਦੀ ਡੂੰਘਾਈ, ਪਰਬਤਾਂ ਦੀ ਉਚਾਈ ਮਾਪਦੇ ਰਹੋ, ਫੁੱਲ ਖਿੜਦੇ ਦੇਖੋ,ਸਾਗਰਾਂ ਦੀਆਂ ਛੱਲਾਂ ਦੀ ਆਵਾਜ਼ ਸੁਣਿਓ, ਪੰਛੀਆਂ ਦੇ ਸੰਗੀਤ ਨੂੰ ਮਾਣਿਓ, ਹਿਰਦੇ ਚੋ ਮੁੱਹਬਤਾਂ ਦੇ ਗੀਤ ਗਾਉਂਦੇ ਰਿਹੋ। ਲਗਾਤਾਰ ਤੁਰਦੇ ਰਿਹੋ, ਰੁਕਣਾ ਨਹੀਂ,ਕਿਉਂਕਿ ਰੁਕਣਾ ਜਿੰਦਗੀ ਦਾ ਨਾਂ ਨਹੀਂ। ਅਸਲ ਵਿੱਚ ਤਾਂ ਮੌਤ ਵੀ ਇੱਕ ਪੜਾਅ ਹੀ ਹੈ ਇਸ ਲੰਮੇ ਅਤੇ ਅਣਮੁੱਕ ਸਫ਼ਰ ਵਿੱਚ —-
ਜਿੰਦਗੀ ਇੱਕ ਹਾਦਸਾ ਹੈ ਔਰ ਐਸਾ ਹਾਦਸਾ,
ਮੌਤ ਸੇ ਭੀ ਖਤਮ ਜਿਸਕਾ ਸਿਲਸਿਲਾ ਹੋਤਾ ਨਹੀਂ ।
, ਜਿੰਦਗੀ ਨੇ ਵਿਕਾਸ ਕੀਤਾ ਹੈ,ਵਿਕਾਸ ਕਰ ਰਹੀ ਹੈ ਅਤੇ ਵਿਕਾਸ ਕਰਦੇ ਰਹਿਣਾ ਹੈ– ਬੱਸ ਤੁਸੀਂ ਆਪਣਾ ਬਣਦਾ ਹਿੱਸਾ ਪਾਉਂਦੇ ਰਿਹੋ। ਕਦਮਾਂ, ਕਲਮਾਂ,ਜ਼ਬਾਨ ਅਤੇ ਵਿਚਾਰਾਂ ਦੇ ਸੰਗਮ ਨੇ ਹੀ ਜਿੰਦਗੀ ਦੀ ਇਸ ਜੰਗ ਦੇ ਸਿਕੰਦਰ ਪੈਦਾ ਕਰਨੇ ਹਨ। ਕਬਹੂੰ ਨਾ ਛਾਡੈ ਖੇਤ ਯਾਦ ਰੱਖਣਾ ਹੈ। ਜਿੰਦਗੀ ਜਿੰਦਾਬਾਦ !!!

You must be logged in to post a comment Login