ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਫੋਟੋ ਅੰਮ੍ਰਿਤਪਾਲ ਦੀ ਨਹੀਂ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਫੋਟੋ ਅੰਮ੍ਰਿਤਪਾਲ ਦੀ ਨਹੀਂ

ਸੰਗਰੂਰ : ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਫ਼ਰਾਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਅੰਮ੍ਰਿਤਪਾਲ ਦੀ ਮੋਟਰਸਾਈਕਲ ‘ਤੇ ਬੈਠਿਆਂ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਬਹੁਤ ਵਾਇਰਲ ਹੋਈ। ਦੱਸਿਆ ਜਾ ਰਿਹਾ ਸੀ ਕਿ ਮੋਟਰਸਾਈਕਲ ਦੇ ਪਿੱਛੇ ਗੁਲਾਬੀ ਰੰਗ ਦੀ ਪੱਗੜੀ ਬੰਨ੍ਹ ਕੇ ਜੋ ਸ਼ਖ਼ਸ ਬੈਠਾ ਹੈ, ਉਹ ਅੰਮ੍ਰਿਤਪਾਲ ਹੈ ਪਰ ਹੁਣ ਇਸ ਤਸਵੀਰ ਦੀ ਅਸਲ ਸੱਚਾਈ ਸਾਹਮਣੇ ਆ ਗਈ ਹੈ। ਦਰਅਸਲ ਮੋਟਰਸਾਈਕਲ ਪਿੱਛੇ ਬੈਠਾ ਸ਼ਖ਼ਸ਼ ਅੰਮ੍ਰਿਤਪਾਲ ਨਹੀਂ, ਸਗੋਂ ਸਿੱਪੀ ਧੀਮਾਨ ਹੈ। ਉਕਤ ਨੌਜਵਾਨ ਖ਼ੁਦ ਸਾਹਮਣੇ ਆਇਆ ਹੈ ਅਤੇ ਉਸ ਨੇ ਕਿਹਾ ਹੈ ਕਿ ਇਸ ਦੇ ਖ਼ਿਲਾਫ਼ ਉਸ ਨੇ ਸੰਗਰੂਰ ਦੇ ਲੌਂਗੋਵਾਲ ਪੁਲਸ ਥਾਣੇ ‘ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਕਿ ਉਸ ਦੀ ਤਸਵੀਰ ਦਾ ਗਲਤ ਇਸਤੇਮਾਲ ਹੋ ਰਿਹਾ ਹੈ। ਉਕਤ ਨੌਜਵਾਨ ਲੌਂਗੋਵਾਲ ਦਾ ਹੀ ਰਹਿਣ ਵਾਲਾ ਹੈ ਅਤੇ ਇੱਥੇ ਐੱਮ. ਟੈੱਕ ਦੀ ਪੜ੍ਹਾਈ ਕਰ ਰਿਹਾ ਹੈ। ਸਿੱਪੀ ਧੀਮਾਨ ਨੇ ਦੱਸਿਆ ਕਿ ਉਸ ਦੀ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਜਦੋਂ ਕਿ ਉਸ ਦੀ ਸ਼ਕਲ ਅੰਮ੍ਰਿਤਪਾਲ ਦੇ ਨਾਲ ਬਿਲਕੁਲ ਮੇਲ ਨਹੀਂ ਖਾਂਦੀ ਅਤੇ ਜਿੱਥੋਂ ਤੱਕ ਗੁਲਾਬੀ ਪੱਗੜੀ ਦੀ ਗੱਲ ਹੋ ਰਹੀ ਹੈ ਤਾਂ ਉਹ ਹਰ ਕੋਈ ਪਹਿਨ ਸਕਦਾ ਹੈ। ਇਸ ਬਾਰੇ ਲੌਂਗੋਵਾਲ ਦੇ ਨਗਰ ਕੌਂਸਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਨੇ ਦੱਸਿਆ ਕਿ ਪੀੜਤ ਨੌਜਵਾਨ ਸਾਡੇ ਪਿੰਡ ਦਾ ਹੀ ਰਹਿਣ ਵਾਲਾ ਹੈ ਅਤੇ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ। ਉਹ ਲੌਂਗੋਵਾਲ ‘ਚ ਹੀ ਕਾਲਜ ‘ਚ ਪੜ੍ਹਦਾ ਹੈ ਅਤੇ ਜੋ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ, ਉਸ ਨਾਲ ਇਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਿੱਪੀ ਤਾਂ ਕਦੇ ਸੰਗਰੂਰ ਤੋਂ ਬਾਹਰ ਨਹੀਂ ਗਿਆ ਅਤੇ ਉਨ੍ਹਾਂ ਨੂੰ ਹੁਣ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਹੈ। ਪੁਲਸ ਵੱਲੋਂ ਇਸ ਮਾਮਲੇ ਸਬੰਧੀ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।

You must be logged in to post a comment Login