ਪ੍ਰੋ. ਕੁਲਬੀਰ ਸਿੰਘ
📞 9417153513
ਮੇਰੇ ਵਰਗੇ ਬਹੁਤ ਘੱਟ ਲੋਕ ਹੋਣਗੇ ਜਿਹੜੇ ਅਖਬਾਰ ਦੀ ਹਾਰਡ ਕਾਪੀ ਵੀ ਪੜ੍ਹਦੇ ਹਨ ਅਤੇ ਆਨਲਾਈਨ ਸਬਸਕਰਾਈਬ ਵੀ ਕਰਦੇ ਹਨ। ਇਸਦੇ ਬਹੁਤ ਸਾਰੇ ਫਾਇਦੇ ਹਨ।
ਤੁਸੀਂ ਕਿਸੇ ਵੀ ਰਾਜ, ਯੂ.ਟੀ. ਜਾਂ ਸ਼ਹਿਰ ਦਾ ਐਡੀਸ਼ਨ ਪੜ੍ਹ ਸਕਦੇ ਹੋ। ਇਕ ਕਲਿਕ ਨਾਲ ਕੋਈ ਵੀ ਪੁਰਾਣਾ ਅੰਕ ਸਕਿੰਟਾਂ ਵਿਚ ਤੁਹਾਡੇ ਸਾਹਮਣੇ ਖੁਲ੍ਹ ਜਾਏਗਾ। ਤੁਸੀਂ ਧਰਤੀ ਦੇ ਕਿਸੇ ਵੀ ਕੋਨੇ ਵਿਚ ਬੈਠ ਕੇ ਅਖਬਾਰ ਪੜ੍ਹਨ ਦਾ ਆਨੰਦ ਲੈ ਸਕਦੇ ਹੋ।
ਤੁਸੀਂ ਕਾਹਲੀ ਵਿਚ ਹੋ, ਪੜ੍ਹਨ ਦਾ ਸਮਾਂ ਨਹੀਂ ਹੈ, ਸਫ਼ਰ ਕਰ ਰਹੇ ਹੋ — ਫਿਰ ਵੀ ਉੱਡਦੀ ਉੱਡਦੀ ਇਕ ਨਜ਼ਰ ਮਾਰ ਕੇ ਤਾਜ਼ਾ ਅਖਬਾਰ ਵੇਖਣ ਦਾ ਅਹਿਸਾਸ ਮਾਣ ਸਕਦੇ ਹੋ।
ਮੇਰਾ ਨਿੱਜੀ ਤਜ਼ਰਬਾ ਹੈ ਕਿ ਹੁਣ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿਚੋਂ ਅਖਬਾਰਾਂ ਨਹੀਂ ਮਿਲਦੀਆਂ। ਸਵੇਰੇ ਵੇਲੇ ਅਖਬਾਰਾਂ ਵੇਚਣ ਵਾਲੇ ਛੋਟੇ ਸਟਾਲ ਤੇ ਦੁਕਾਨਾਂ ਬੰਦ ਹੋ ਗਈਆਂ ਹਨ ਜਾਂ ਉਨ੍ਹਾਂ ਨੇ ਕੋਈ ਹੋਰ ਕਾਰੋਬਾਰ ਸ਼ੁਰੂ ਕਰ ਲਿਆ ਹੈ।
ਇਥੋਂ ਤੱਕ ਕਿ ਬੱਸ ਅੱਡਿਆਂ ਤੋਂ ਵੀ ਹੁਣ ਅਖਬਾਰਾਂ ਤੇ ਕਿਤਾਬਾਂ ਨਹੀਂ ਮਿਲਦੀਆਂ, ਕਿਉਂਕਿ ਕਾਰਪੋਰੇਸ਼ਨ ਜਾਂ ਮਾਲਕਾਂ ਨੇ ਮਹੀਨਾਵਾਰ ਕਿਰਾਇਆ ਬਹੁਤ ਵਧਾ ਦਿੱਤਾ ਹੈ, ਜੋ ਅਖਬਾਰਾਂ ਵੇਚਣ ਵਾਲਿਆਂ ਦੀ ਪਹੁੰਚ ਤੋਂ ਬਾਹਰ ਹੈ।
ਜਲੰਧਰ ਬੱਸ ਸਟੈਂਡ ’ਤੇ ਅਖਬਾਰਾਂ ਤੇ ਕਿਤਾਬਾਂ ਦੀਆਂ ਦੋ ਵੱਡੀਆਂ ਦੁਕਾਨਾਂ ਸਨ — ਦੋਵੇਂ ਉਪਰੋਕਤ ਕਾਰਨਾਂ ਕਰਕੇ ਬੰਦ ਹੋ ਗਈਆਂ ਹਨ।
ਇਸ ਸਥਿਤੀ ਵਿਚ ਆਪਣੀ ਮਨਪਸੰਦ ਅਖਬਾਰ ਨੂੰ ਸਬਸਕਰਾਈਬ ਕਰਨਾ ਸਭ ਤੋਂ ਵਧੀਆ ਵਿਕਲਪ ਹੈ। ਕਦੇ ਵੀ, ਕਿਸੇ ਵੀ ਸਮੇਂ ਆਪਣੇ ਮੋਬਾਈਲ, ਆਈਪੈਡ ਜਾਂ ਲੈਪਟਾਪ ’ਤੇ ਖੋਲ੍ਹ ਕੇ ਪੜ੍ਹ ਸਕਦੇ ਹਾਂ।
ਅਖਬਾਰਾਂ ਤੋਂ ਸਾਨੂੰ ਹਰੇਕ ਮੁੱਦੇ, ਮਸਲੇ ਅਤੇ ਖ਼ਬਰ ਬਾਰੇ ਵਿਸਥਾਰ ਵਿਚ ਸਹੀ ਜਾਣਕਾਰੀ ਮਿਲਦੀ ਹੈ। ਗੁੰਝਲਦਾਰ ਵਿਸ਼ਿਆਂ ਬਾਰੇ ਮਾਹਿਰਾਂ ਦੀ ਰਾਏ ਵੀ ਅਖਬਾਰਾਂ ਹੀ ਦਿੰਦੀਆਂ ਹਨ। ਸੰਪਾਦਕੀ ਪੰਨੇ ਤਾਂ ਗਿਆਨ ਦਾ ਖਜ਼ਾਨਾ ਹਨ।
ਤੁਸੀਂ ਜਿੰਨਾ ਮਰਜ਼ੀ ਸੋਸ਼ਲ ਮੀਡੀਆ ’ਤੇ ਘੁੰਮ ਲਓ — ਜੋ ਤਸੱਲੀ ਅਖਬਾਰ ਪੜ੍ਹ ਕੇ ਮਿਲਦੀ ਹੈ, ਉਹ ਹੋਰ ਕਿੱਥੋਂ ਨਹੀਂ ਮਿਲ ਸਕਦੀ। ਸਥਾਪਿਤ ਅਖਬਾਰਾਂ ਦੀ ਇਕ ਭਰੋਸੇਯੋਗਤਾ ਹੁੰਦੀ ਹੈ — ਉਸੇ ਕਾਰਨ ਤੁਸੀਂ ਉਹਨਾਂ ਨਾਲ ਜੁੜੇ ਰਹਿੰਦੇ ਹੋ।
ਬਹੁਤ ਸਾਰੇ ਪਾਠਕ ਹਨ ਜਿਨ੍ਹਾਂ ਨੇ ਇਕ ਤੋਂ ਵਧੇਰੇ ਅਖਬਾਰਾਂ ਦੀਆਂ ਸਬਸਕ੍ਰਿਪਸ਼ਨ ਲਿਆਂਦੀਆਂ ਹਨ। ਭਾਵੇਂ ਹਰ ਰੋਜ਼ ਹਰ ਖ਼ਬਰ ਜਾਂ ਲੇਖ ਨਹੀਂ ਪੜ੍ਹਿਆ ਜਾਂਦਾ, ਪਰ ਹਰ ਸੁਰਖੀ ’ਤੇ ਨਜ਼ਰ ਜ਼ਰੂਰ ਪੈਂਦੀ ਹੈ।
ਇੰਝ ਕਰਨ ਨਾਲ ਤੁਹਾਨੂੰ ਹੀ ਅਖਬਾਰ ਪੜ੍ਹਨ ਦਾ ਮੌਕਾ ਨਹੀਂ ਮਿਲਦਾ, ਬਲਕਿ ਤੁਸੀਂ ਆਪਣੇ ਇਲਾਕੇ, ਸੂਬੇ ਅਤੇ ਭਾਸ਼ਾ ਦੀ ਪੱਤਰਕਾਰੀ ਦੀ ਮਦਦ ਵੀ ਕਰ ਰਹੇ ਹੁੰਦੇ ਹੋ।
ਜੇਕਰ ਕਿਸੇ ਕਾਰਨ ਇੰਟਰਨੈੱਟ ਸੇਵਾਵਾਂ ਵਿਚ ਰੁਕਾਵਟ ਆ ਜਾਵੇ, ਫਿਰ ਵੀ ਜਿਹੜੀਆਂ ਅਖਬਾਰਾਂ ਤੁਸੀਂ ਸਬਸਕਰਾਈਬ ਕੀਤੀਆਂ ਹੁੰਦੀਆਂ ਹਨ, ਉਹ ਉਪਲਬਧ ਰਹਿੰਦੀਆਂ ਹਨ।
ਅੱਜਕੱਲ੍ਹ ਆਪਣੀ ਖ਼ਬਰ ਜਾਂ ਲੇਖ ਸੋਸ਼ਲ ਮੀਡੀਆ ਤੇ ਵਟਸਐਪ ਗਰੁੱਪਾਂ ਵਿਚ ਭੇਜਣ ਦਾ ਰੁਝਾਨ ਹੈ — ਆਨਲਾਈਨ ਅਖਬਾਰਾਂ ਵਿਚੋਂ ਇਹ ਕੰਮ ਝੱਟਪਟ ਤੇ ਗੁਣਵੱਤਾ ਨਾਲ ਕੀਤਾ ਜਾ ਸਕਦਾ ਹੈ।
ਬੀਤੇ ਦਿਨੀਂ ਪੰਜਾਬ ਪੁਲੀਸ ਨੇ ਸਵੇਰੇ ਅਖਬਾਰਾਂ ਦੀਆਂ ਗੱਡੀਆਂ ਰੋਕ ਲਈਆਂ ਸਨ। ਉਸ ਦਿਨ ਅਖਬਾਰਾਂ ਦੁਪਹਿਰ ਗਿਆਰਾਂ ਵਜੇ ਘਰਾਂ ਵਿਚ ਪੁੱਜੀਆਂ। ਪਰ ਜਿਨ੍ਹਾਂ ਨੇ ਆਪਣੀ ਅਖਬਾਰ ਆਨਲਾਈਨ ਸਬਸਕਰਾਈਬ ਕੀਤੀ ਹੋਈ ਸੀ, ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਈ — ਉਨ੍ਹਾਂ ਲਈ ਤਾਂ ਅਖਬਾਰ ਤੜਕੇ ਚਾਰ ਵਜੇ ਹੀ ਉਪਲਬਧ ਸੀ।
ਜਦ ਅਸੀਂ ਆਪਣੀ ਭਾਸ਼ਾ ਦੀਆਂ ਸੂਬਾਈ ਅਖਬਾਰਾਂ ਨੂੰ ਸਬਸਕਰਾਈਬ ਕਰਦੇ ਹਾਂ, ਤਾਂ ਅਸੀਂ ਆਪਣੇ ਸ਼ਹਿਰ, ਰਾਜ, ਸਕੂਲਾਂ, ਅਦਾਲਤਾਂ ਅਤੇ ਪੱਤਰਕਾਰੀ ਨੂੰ ਮਜ਼ਬੂਤ ਕਰ ਰਹੇ ਹੁੰਦੇ ਹਾਂ।
ਹਾਰਡ ਕਾਪੀ ਸਵੇਰ ਵੇਲੇ ਚਾਹ-ਕੌਫ਼ੀ ਦੇ ਕੱਪ ਨਾਲ ਆਨੰਦ ਵਧਾ ਦਿੰਦੀ ਹੈ, ਪਰ ਸਮਾਂ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ। ਨਵੀਂ ਪੀੜ੍ਹੀ ਦੀ ਸਵੇਰ ਸਹਿਜ ਨਹੀਂ ਹੁੰਦੀ — ਸਮੇਂ ਦੀ ਘਾਟ ਤੇ ਭੱਜਦੌੜ ਹੈ।
ਡਿਜ਼ੀਟਲ ਐਡੀਸ਼ਨ ਵਿਚ ਪਾਠਕਾਂ ਨੂੰ ਵੀਡੀਓ, ਆਡੀਓ ਤੇ ਲਾਈਵ ਡਾਟਾ ਵੀ ਮਿਲਦਾ ਹੈ। ਤੁਸੀਂ ਹਫ਼ਤਾਵਾਰ ਐਡੀਸ਼ਨ ਵੀ ਖਰੀਦ ਸਕਦੇ ਹੋ।
ਅਖਬਾਰਾਂ ਦੀ ਮਹੀਨਾਵਾਰ ਸਬਸਕ੍ਰਿਪਸ਼ਨ ਸਿਰਫ਼ ₹150–₹180 ਅਤੇ ਸਲਾਨਾ ₹1500–₹1800 ਹੈ। ਅੱਜਕੱਲ੍ਹ ਕੌਫ਼ੀ ਦਾ ਇਕ ਕੱਪ ਹੀ ₹200–₹250 ਦਾ ਆ ਜਾਂਦਾ ਹੈ, ਤੇ ਅਸੀਂ ਬਿਨਾ ਸੋਚੇ ਸਮਝੇ ₹1500–₹2000 ਫਾਸਟ ਫੂਡ ’ਤੇ ਖਰਚ ਦਿੰਦੇ ਹਾਂ — ਸਿਹਤ ਦਾ ਨੁਕਸਾਨ ਵੱਖਰਾ।
ਆਓ, ਅੱਜ ਹੀ ਆਪਣੀ ਮਨਪਸੰਦ ਅਖਬਾਰ ਨੂੰ ਸਬਸਕਰਾਈਬ ਕਰੀਏ!
You must be logged in to post a comment Login