ਬ੍ਰਿਜਟਾਊਨ (ਬਾਰਬਾਡੋਸ), 29 ਜੂਨ- ਭਾਰਤ ਨੇ ਅੱਜ ਇੱਥੇ ਵਿਰਾਟ ਕੋਹਲੀ (76 ਦੌੜਾਂ) ਦੇ ਨੀਮ ਸੈਂਕੜੇ ਮਗਰੋਂ ਤੇਜ਼ ਗੇਂਦਬਾਜ਼ਾਂ ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪਾਂਡਿਆ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ 17 ਸਾਲਾਂ ਬਾਅਦ ਇੱਕ ਵਾਰ ਫਿਰ ਟੀ-20 ਕ੍ਰਿਕਟ ਵਿਸ਼ਵ ਕੱਪ ਖ਼ਿਤਾਬ ਆਪਣੇ ਨਾਂ ਕਰ ਲਿਆ। ਭਾਰਤੀ ਕ੍ਰਿਕਟ ਟੀਮ ਨੇ ਪਹਿਲੀ ਵਾਰ ਫਾਈਨਲ ’ਚ ਪਹੁੰਚੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਭਾਰਤ ਨੇ ਪਹਿਲਾਂ ਬੱਲਬਾਜ਼ੀ ਕਰਦਿਆਂ ਵਿਰਾਟ ਕੋਹਲੀ ਦੀਆਂ 76 ਦੌੜਾਂ, ਅਕਸ਼ਰ ਪਟੇਲ ਦੀਆਂ 47 ਅਤੇ ਸ਼ਿਵਮ ਦੂਬੇ ਦੀਆਂ 27 ਦੌੜਾਂ ਸਦਕਾ 20 ਓਵਰਾਂ ’ਚ 7 ਵਿਕਟਾਂ ’ਤੇ 176 ਦੌੜਾਂ ਬਣਾਈਆਂ ਅਤੇ ਫਿਰ ਦੱਖਣੀ ਅਫਰੀਕਾ ਨੂੰ 169/8 ਸਕੋਰ ’ਤੇ ਹੀ ਰੋਕ ਦਿੱਤਾ। ਭਾਰਤੀ ਟੀਮ ਨੇ ਪਹਿਲਾਂ ਸਾਲ 2007 ਵਿੱਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ’ਚ ਪਹਿਲੀ ਵਾਰ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਿਆ ਸੀ। ਉਂਜ ਸਾਲ 2013 ਵਿੱਚ ਚੈਂਪੀਅਨ ਟਰਾਫੀ ਜਿੱਤਣ ਮਗਰੋਂ 11 ਸਾਲਾਂ ਬਾਅਦ ਭਾਰਤੀ ਟੀਮ ਦਾ ਇਹ ਪਹਿਲਾ ਆਈਸੀਸੀ ਖ਼ਿਤਾਬ ਹੈ। ਇਸ ਦੇ ਨਾਲ ਹੀ ਭਾਰਤ ਦੋ ਵਾਰ ਟੀ-20 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲਾ ਤੀਜਾ ਮੁਲਕ ਬਣ ਗਿਆ ਹੈ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ (2012 ਤੇ 2016) ਅਤੇ ਇੰਗਲੈਂਡ (2010 ਤੇ 2022) ਅਜਿਹਾ ਕਰ ਚੁੱਕੇ ਹਨ। ਇਸ ਤੋਂ ਪਹਿਲਾਂ 177 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਟੀਮ ਇੱਕ ਵਾਰ ਜਿੱਤਦੀ ਦਿਖਾਈ ਦਿੱਤੀ ਪਰ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਕੱਸਵੀਂ ਗੇਂਦਬਾਜ਼ੀ ਅੱਗੇ ਵਿਰੋਧੀ ਬੱਲੇਬਾਜ਼ ਕਾਮਯਾਬ ਨਾ ਹੋ ਸਕੀ। ਦੱਖਣੀ ਅਫਰੀਕਾ ਵੱਲੋਂ ਹੈਨਰਿਕ ਕਲਾਸਨ ਨੇ ਸਭ ਤੋਂ ਵੱਧ 52 ਦੌੜਾਂ ਬਣਾਈਆਂ ਜਦਕਿ ਕੁਇੰਟਨ ਡੀ ਕਾਕ 39 ਦੌੜਾਂ, ਟ੍ਰਿਸਟਨ ਸਟੱਬਸ 31 ਅਤੇ ਡੇਵਿਡ ਮਿੱਲਰ 21 ਦੌੜਾਂ ਬਣਾ ਕੇ ਆਊਟ ਹੋਏ। ਭਾਰਤ ਵੱਲੋਂ ਹਾਰਦਿਕ ਪਾਂਡਿਆ ਤਿੰਨ ਵਿਕਟਾਂ ਜਦਕਿ ਅਰਸ਼ਦੀਪ ਸਿੰਘ ਤੇ ਜਸਪ੍ਰੀਤ ਬੁਮਰਾਹ ਨੇ ਦੋ ਵਿਕਟਾਂ ਲਈਆਂ। ਇੱਕ ਵਿਕਟ ਅਕਸ਼ਰ ਪਟੇਲ ਨੇ ਲਈ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਸੂਰਿਆਕੁਮਾਰ ਯਾਦਵ ਵਧੀਆ ਪ੍ਰਦਰਸ਼ਨ ਕਰਨ ’ਚ ਨਾਕਾਮ ਰਹੇ।

You must be logged in to post a comment Login