ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ…!!!

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ…!!!

ਔਰੰਗਜ਼ੇਬ ਬਹੁਤ ਜ਼ਾਲਮ ਬਾਦਸ਼ਾਹ ਸੀ, ਉਸ ਨੇ ਧਰਮ ਦੀ ਆੜ੍ਹ ਥੱਲੇ ਸਿਆਸੀ ਤੌਰ ‘ਤੇ ਬਹੁਤ ਜ਼ੁਲਮ ਕੀਤੇ। ਤਖ਼ਤ ਹਥਿਆਉਣ ਲਈ, ਆਪਣੇ ਦੋ ਭਰਾਵਾਂ (ਦਾਰਾ ਤੇ ਮੁਰਾਦ) ਦਾ ਕਤਲ ਕਰਵਾ ਦਿੱਤਾ ਤੇ ਇੱਕ ਭਰਾ (ਸ਼ੁਜਾਹ) ਨੂੰ ਦੇਸ਼ ਨਿਕਾਲਾ ਦੇ ਦਿੱਤਾ। ਆਪਣੀ ਭੈਣ ਰੌਸ਼ਨ ਆਰਾ ਨੂੰ ਥੋੜ੍ਹਾ-ਥੋੜ੍ਹਾ ਜ਼ਹਿਰ (Slow Poisioning) ਦੇ ਕੇ ਮਾਰ ਦਿੱਤਾ। ਆਪਣੇ ਪਿਤਾ ਸ਼ਾਹਜਹਾਂ ਨੂੰ ਉਸਦੇ ਅੰਤਿਮ ਸਮੇਂ ਤੱਕ ਕੈਦ ਕਰਕੇ ਰੱਖਿਆ ਤੇ ਤਸੀਹੇ ਦਿੰਦਾ ਰਿਹਾ। ਇੱਥੋਂ ਤੱਕ ਕਿ ਉਸ ਨੇ ਸੂਫ਼ੀ ਫ਼ਕੀਰਾਂ ਨੂੰ ਵੀ ਨਹੀਂ ਬਖ਼ਸ਼ਿਆ। ਹਿੰਦੂਆਂ ‘ਤੇ ਪੂਰੀ ਸਖ਼ਤੀ ਸ਼ੁਰੂ ਹੋ ਗਈ। ਮੰਦਿਰ ਢਾਹ ਕੇ ਮਸੀਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਹਿੰਦੂਆਂ ‘ਤੇ ਜ਼ਜ਼ੀਆ (ਸਪੈਸ਼ਲ ਟੈਕਸ) ਲਾ ਦਿੱਤਾ ਗਿਆ। ਹਿੰਦੂਆਂ ਦੇ ਧਾਰਮਿਕ ਇੱਕਠਾਂ ‘ਤੇ ਪਾਬੰਦੀਆਂ ਲਾ ਦਿੱਤੀਆਂ ਗਈਆਂ। ਹੁਣ ਹਿੰਦੂ ਕੋਈ ਧਾਰਮਿਕ ਇਕੱਠ ਵੀ ਨਹੀਂ ਸਨ ਕਰ ਸਕਦੇ।

ਇਧਰ ਹਿੰਦੂ ਧਰਮ ਦੇ ਆਗੂ ਜਾਂ ਤਾਂ ਬ੍ਰਾਹਮਣ ਸਨ ਜਾਂ ਫਿਰ ਸ਼ਸਤ੍ਰਧਾਰੀ ਰਾਜਪੂਤ ਖੱਤਰੀ। ਇਹ ਰਾਜਪੂਤ ਤਾਂ ਮੁਗਲਾਂ ਦਾ ਹੱਥ ਠੋਕਾ ਬਣ ਕੇ, ਓਹਨਾਂ ਦੇ ਨਾਲ ਹੀ ਰੱਲ ਗਏ ਸਨ ਅਤੇ ਬ੍ਰਾਹਮਣਾਂ ਨੇ ਅਨਪੜ੍ਹ ਤੇ ਭੋਲੇ-ਭਾਲੇ ਹਿੰਦੂਆਂ ਨੂੰ ਫੋਕੇ ਕਰਮਕਾਂਡਾਂ, ਪਾਖੰਡਾਂ ਤੇ ਵਹਿਮਾਂ-ਭਰਮਾਂ ਦੇ ਜਾਲ ‘ਚ ਫਸਾ ਕੇ, ਆਪਣੇ ਆਪ ਨੂੰ, ਆਪਣੀ ਰੋਜੀ-ਰੋਟੀ ਕਮਾਉਣ ਤੱਕ ਹੀ ਸੀਮਿਤ ਕਰ ਲਿਆ ਸੀ। ਇਹਨਾਂ ਹਾਲਾਤਾਂ ‘ਚ ਸਮੁੱਚਾ ਹਿੰਦੂ ਸਮਾਜ ਆਗੂ ਹੀਣ ਬਣ ਚੁੱਕਾ ਸੀ।

ਕਸ਼ਮੀਰੀ ਪੰਡਿਤਾਂ ਦਾ ਸ੍ਰੀ ਅਨੰਦਪੁਰ ਸਾਹਿਬ ਆਉਣਾ:

ਉਸ ਸਮੇਂ ਕਸ਼ਮੀਰ ਪੰਡਿਤਾਂ ਦਾ ਬੜਾ ਵੱਡਾ ਗੜ੍ਹ ਸੀ। ਇੱਥੇ ਬਹੁਤ ਵਿਦਵਾਨ ਪੰਡਿਤ ਰਹਿੰਦੇ ਸਨ। ਸੰਨ ੧੬੭੪ ਈ. ‘ਚ, ਜਦੋਂ ਔਰੰਗਜ਼ੇਬ ਨੇ ਇਹ ਫੈਸਲਾ ਕੀਤਾ ਕਿ ਹਿੰਦੂਆਂ ਨੂੰ ਮੁਸਨਮਾਨ ਬਣਾਉਣਾ ਹੈ ਤਾਂ ਉਸ ਨੇ ਇਸ ਕੰਮ ਲਈ ਕਸ਼ਮੀਰ ਨੂੰ ਹੀ ਚੁਣਿਆ। ਇਸ ਦੇ ਕਈ ਕਾਰਨ ਸਨ। ਪਹਿਲਾ ਇਹ ਕਿ ਉਸ ਨੂੰ ਲੱਗਦਾ ਸੀ ਕਿ ਜੇ ਕਸ਼ਮੀਰੀ ਪੰਡਿਤ ਇਸਲਾਮ ਕਬੂਲ ਕਰ ਲੈਣਗੇ ਤਾਂ ਬਾਕੀ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸੌਖਾ ਹੋ ਜਾਵੇਗਾ। ਦੂਜਾ ਇਹ ਕਿ ਬ੍ਰਾਹਮਣ ਲੋਕ ਪੂਜਾ ਦਾ ਧਾਨ ਖਾਣ ਵਾਲੇ ਲੋਕ ਹਨ। ਇਹਨਾਂ ਅੰਦਰ ਲੜਨ ਦੀ ਸ਼ਕਤੀ ਨਹੀਂ ਹੁੰਦੀ। ਇਸ ਲਈ ਇਹਨਾਂ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਇਸਲਾਮ ਵੱਲ ਜ਼ਲਦੀ ਪ੍ਰੇਰਿਤ ਕੀਤਾ ਜਾ ਸਕਦਾ ਹੈ ਤੇ ਤੀਜਾ ਇਹ ਕਿ ਕਸ਼ਮੀਰ ਦੀਆਂ ਹੱਦਾਂ ਬਹੁਤ ਸਾਰੇ ਦੇਸ਼ਾਂ ਤੇ ਰਾਜਾਂ ਨਾਲ ਲੱਗਦੀਆਂ ਹਨ, ਇਸ ਲਈ ਇੱਥੋਂ ਦੇ ਵਸਨੀਕਾਂ ਨੂੰ ਮੁਸਲਮਾਨ ਬਣਾਉਣ ਨਾਲ ਇਸਲਾਮ ਦਾ ਪ੍ਰਭਾਵ ਸੰਸਾਰ ਪੱਧਰ ‘ਤੇ ਤੇਜੀ ਨਾਲ ਵਧੇਗਾ।

ਔਰੰਗਜ਼ੇਬ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ, ਉਸ ਸਮੇਂ ਦੇ ਕਸ਼ਮੀਰ ਦੇ ਗਵਰਨਰ ਇਫ਼ਤਿਖ਼ਾਰ ਖ਼ਾਨ ਨੇ ਕਸ਼ਮੀਰੀ ਪੰਡਿਤਾਂ ‘ਤੇ ਬਹੁਤ ਜ਼ੁਲਮ ਢਾਹੇ। ਇਹਨਾਂ ਪੰਡਿਤਾਂ ਨੂੰ ਜ਼ਬਰੀ ਮੁਸਲਮਾਨ ਬਣਾ ਦਿੱਤਾ ਜਾਂਦਾ ਸੀ, ਓਹਨਾਂ ਦੇ ਜੰਝੂ ਲਾਹ ਦਿੱਤੇ ਜਾਂਦੇ ਸਨ ਅਤੇ ਓਹਨਾਂ ਨੂੰ ਹਿੰਦੂ ਪਰੰਪਰਾ ਤੇ ਰੀਤੀ-ਰਿਵਾਜ ਅਨੁਸਾਰ ਪੂਜਾ-ਪਾਠ ਨਹੀਂ ਸੀ ਕਰਨ ਦਿੱਤਾ ਜਾਂਦਾ। ਕਿਹਾ ਜਾਂਦਾ ਹੈ ਕਿ ਰੋਜ਼ਾਨਾ ਇੰਨੇ ਪੰਡਿਤਾਂ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ ਕਿ ਓਹਨਾਂ ਦੇ ਲੱਥੇ ਜੰਝੂਆਂ ਦਾ ਭਾਰ ਸਵਾ ਮਨ ਹੋ ਜਾਂਦਾ ਸੀ। ਓਹਨਾਂ ਦਿਨਾਂ ‘ਚ ਇਹ ਗੱਲ ਵੀ ਪ੍ਰਚਲਿਤ ਸੀ ਕਿ ਔਰੰਗਜ਼ੇਬ ਸਵਾ ਮਨ ਜੰਝੂ ਲਾਹ ਕੇ ਹੀ ਭੋਜਨ ਕਰਦਾ ਸੀ। ਜਿਹੜਾ ਪੰਡਿਤ ਔਰੰਗਜ਼ੇਬ ਦਾ ਹੁਕਮ ਨਹੀਂ ਸੀ ਮੰਨਦਾ, ਉਸ ਨੂੰ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਂਦਾ ਸੀ।

ਕਸ਼ਮੀਰੀ ਪੰਡਿਤਾਂ ਨੇ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਦੁਖੀ ਹੋ ਕੇ, ਇਹਨਾਂ ਹਾਲਾਤਾਂ ਦਾ ਹੱਲ ਲੱਭਣ ਲਈ ਵਿਚਾਰ-ਵਟਾਂਦਰਾ ਕੀਤਾ। ਪੰਡਿਤ ਕਿਰਪਾ ਰਾਮ ਜੀ ਨੇ ਸਲਾਹ ਦਿੱਤੀ ਕਿ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਸਾਨੂੰ ਜੇ ਕੋਈ ਬਚਾ ਸਕਦਾ ਹੈ ਤਾਂ ਨੌਵੇਂ ਗੁਰੂ ਨਾਨਕ, ਗੁਰੂ ਤੇਗ ਬਹਾਦਰ ਸਾਹਿਬ ਜੀ ਹੀ ਬਚਾ ਸਕਦੇ ਹਨ। ਸਾਰਿਆਂ ਦੇ ਵਿਚਾਰ ਸੁਣ ਕੇ, ਇਹ ਫ਼ੈਸਲਾ ਕੀਤਾ ਗਿਆ ਕਿ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ‘ਚ, ਪੰਡਿਤਾਂ ਦਾ ਇੱਕ ਵਫ਼ਦ (ਜੱਥਾ) ਲੈ ਕੇ, ਸ੍ਰੀ ਅਨੰਦਪੁਰ ਸਾਹਿਬ ਜਾਇਆ ਜਾਵੇ ਅਤੇ ਉੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ‘ਚ ਹਾਜ਼ਰ ਹੋ ਕੇ, ਗੁਰੂ ਸਾਹਿਬ ਜੀ ਦੇ ਚਰਨਾਂ ‘ਚ ਬੇਨਤੀ ਕੀਤੇ ਜਾਵੇ ਕਿ ਸਤਿਗੁਰੂ ਜੀ ! ਸਾਨੂੰ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਬਚਾਅ ਲਓ। ਕੀਤੇ ਗਏ ਫ਼ੈਸਲੇ ਅਨੁਸਾਰ, ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ‘ਚ, ਕਸ਼ਮੀਰੀ ਪੰਡਿਤਾਂ ਦਾ ਇੱਕ ਵਫ਼ਦ (ਜੱਥਾ) ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ।

ਮਿਤੀ ੨੫ ਮਈ ਸੰਨ ੧੬੭੫ ਈ. ਨੂੰ, ਪੰਡਿਤ ਕਿਰਪਾ ਰਾਮ ਤੇ ਹੋਰ ਬਹੁਤ ਸਾਰੇ ਕਸ਼ਮੀਰੀ ਪੰਡਿਤ, ਆਪਣੀ ਫ਼ਰਿਆਦ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ‘ਚ ਹਾਜ਼ਰ ਹੋਏ ਅਤੇ ਆਪਣਾ ਦੁੱਖ ਦੱਸਿਆ। ਗੁਰੂ ਸਾਹਿਬ ਜੀ ਨੇ ਕਸ਼ਮੀਰੀ ਪੰਡਿਤਾਂ ਦਾ ਦੁੱਖ ਬਹੁਤ ਧਿਆਨ ਨਾਲ ਸੁਣਿਆ ਅਤੇ ਓਹਨਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਫਿਰ,ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜੇ ਕੋਈ ਮਹਾਂਪੁਰਖ ਆਪਣੀ ਸ਼ਹਾਦਤ ਦੇਣ ਲਈ ਤਿਆਰ ਹੋ ਜਾਵੇ ਤਾਂ ਇਸ ਸੰਕਟ ਦਾ ਹੱਲ ਨਿਕਲ ਸਕਦਾ ਹੈ।

ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ, ਕੋਲ ਬੈਠੇ ੯ ਸਾਲਾਂ ਦੇ ਬਾਲਕ ਗੋਬਿੰਦ ਰਾਏ ਜੀ ਕਹਿਣ ਲੱਗੇ ਕਿ ਗੁਰੂ ਪਿਤਾ ਜੀ ! ਆਪ ਜੀ ਤੋਂ ਵੱਡਾ ਮਹਾਂਪੁਰਖ ਇਸ ਸੰਸਾਰ ‘ਚ ਹੋਰ ਕੌਣ ਹੋ ਸਕਦਾ ਹੈ ? ਇਹ ਗੱਲ ਸੁਣ ਕੇ, ਓਥੇ ਹਾਜ਼ਰ ਸਿੱਖ-ਸੰਗਤਾਂ ਅੰਦਰ ਸੰਨਾਟਾ ਛਾ ਗਿਆ। ਪਰ, ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਕੁਰਾ ਪਏ ਅਤੇ ਕਸ਼ਮੀਰੀ ਪੰਡਿਤਾਂ ਨੂੰ ਕਹਿਣ ਲੱਗੇ ਕਿ ਤੁਸੀਂ ਔਰੰਗਜ਼ੇਬ ਬਾਦਸ਼ਾਹ ਤੱਕ ਇਹ ਸੁਨੇਹਾ ਪਹੁੰਚ ਦਿਓ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਰਹਿਬਰ ਹਨ, ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਅਸੀਂ ਸਾਰੇ ਵੀ ਇਸਲਾਮ ਕਬੂਲ ਕਰ ਲਵਾਂਗੇ। ਇੰਝ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਔਰੰਗਜ਼ੇਬ ਦੇ ਜ਼ੁਲਮਾਂ ਨੂੰ ਠੱਲ੍ਹ ਪਾਉਣ ਲਈ, ਉਸ ਨੂੰ ਵੰਗਾਰਿਆ।

ਕਸ਼ਮੀਰੀ ਪੰਡਿਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁਨੇਹਾ, ਔਰੰਗਜ਼ੇਬ ਤੱਕ ਪਹੁੰਚਾ ਦਿੱਤਾ। ਜਦੋਂ ਔਰੰਗਜ਼ੇਬ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹ ਬਹੁਤ ਖੁਸ਼ ਹੋਇਆ। ਉਸ ਨੂੰ ਲੱਗਾ ਕਿ ਇਹ ਤਾਂ ਕੰਮ ਹੀ ਬਹੁਤ ਸੌਖਾ ਹੋ ਗਿਆ ਹੈ। ਮੈਂ ਤਾਂ ਸਾਰੇ ਕਸ਼ਮੀਰੀ ਪੰਡਿਤਾਂ ਨੂੰ ਮੁਸਲਮਾਨ ਬਣਾਉਣ ਲਈ ਜ਼ੋਰ ਲਾ ਰਿਹਾ ਸੀ। ਹੁਣ ਤਾਂ ਸਿਰਫ਼ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹੀ ਮੁਸਲਮਾਨ ਬਣਾਉਣਾ ਹੈ। ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸਲਾਮ ਕਬੂਲ ਕਰ ਲਿਆ ਤਾਂ ਕਸ਼ਮੀਰੀ ਪੰਡਿਤ ਤਾਂ ਆਪਣੇ ਆਪ ਹੀ ਮੁਸਲਮਾਨ ਬਣ ਜਾਣਗੇ। ਸਾਰੇ ਕਸ਼ਮੀਰੀ ਪੰਡਿਤਾਂ ਨੂੰ ਮੁਸਲਮਾਨ ਬਣਾਉਣ ਨਾਲੋਂ, ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇਸਲਾਮ ਕਬੂਲ ਕਰਵਾਉਣਾ ਕੀਤੇ ਸੌਖਾ ਹੈ।

ਬੱਸ, ਫਿਰ ਕੀ ਸੀ, ਹੁਕਮ ਜਾਰੀ ਕਰ ਦਿੱਤਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫ਼ਤਾਰ ਕਰਕੇ, ਦਿੱਲੀ ਲਿਆਂਦਾ ਜਾਵੇ। ਇਧਰ ਗੁਰੂ ਤੇਗ ਬਹਾਦਰ ਸਾਹਿਬ ਜੀ, ਆਪਣੀ ਸ਼ਹਾਦਤ ਦੇਣ ਲਈ, ਬਾਲਕ ਗੋਬਿੰਦ ਰਾਇ ਨੂੰ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਸਮੁੱਚੀ ਜ਼ਿੰਮੇਵਾਰੀ ਸੌਂਪ ਕੇ ਤੇ ਕੁੱਝ-ਕੁ ਸਿੱਖਾਂ ਨੂੰ ਨਾਲ ਲੈ ਕੇ, ੧੧ ਹਾੜ ਸੰਮਤ ੧੭੩੨ (ਸੰਨ ੧੬੭੫ ਈ.) ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਪਏ।

ਗੁਰੂ ਸਾਹਿਬ ਜੀ ਦੀ ਗ੍ਰਿਫ਼ਤਾਰੀ:

ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਕੀਰਤਪੁਰ ਸਾਹਿਬ, ਭਰਤਗੜ੍ਹ, ਰੋਪੜ, ਸੈਫ਼ਾਬਾਦ (ਹੁਣ ਬਹਾਦਰਗੜ੍ਹ, ਜ਼ਿਲ੍ਹਾ ਪਟਿਆਲਾ), ਪਟਿਆਲਾ, ਸਮਾਣਾ, ਚੀਕਾ, ਕੈਥੱਲ, ਧਮਤਾਨ ਸਾਹਿਬ, ਜੀਂਦ, ਲਾਖਨ ਮਾਜਰਾ ਤੇ ਰੋਹਤਕ ਹੁੰਦੇ ਹੋਏ, ਆਗਰੇ ਪਹੁੰਚੇ। ਇੱਥੇ ਹੀ ਗੁਰੂ ਸਾਹਿਬ ਜੀ ਨੇ ਆਪਣੀ ਗ੍ਰਿਫ਼ਤਾਰੀ ਦਿੱਤੀ। ਗੁਰੂ ਸਾਹਿਬ ਜੀ ਨੂੰ ਆਗਰੇ ਵਿਖੇ ਗ੍ਰਿਫ਼ਤਾਰ ਕਰਕੇ, ਇੱਥੇ ਹੀ ੯ ਦਿਨ ਨਜ਼ਰਬੰਦ ਕਰਕੇ ਰੱਖਿਆ ਗਿਆ। ਜਿਸ ਅਸਥਾਨ ‘ਤੇ ਗੁਰੂ ਸਾਹਿਬ ਜੀ ਨੂੰ ਨਜ਼ਰਬੰਦ ਕਰਕੇ ਰੱਖਿਆ ਗਿਆ, ਉਸ ਅਸਥਾਨ ‘ਤੇ ਸੁੰਦਰ ਗੁਰਦੁਆਰਾ “ਗੁਰੂ ਕਾ ਤਾਲ” ਸੁਭਾਇਮਾਨ ਹੈ। ਇੱਥੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭਾਰੀ ਫੌਜ ਦੀ ਨਿਗਰਾਨੀ ਹੇਠ, ਦਿੱਲੀ ਵਿਖੇ ਲਿਆਂਦਾ ਗਿਆ।

ਕੁੱਝ ਇਤਿਹਾਸਕਾਰ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਤਿੰਨਾਂ ਸਿੱਖਾਂ (ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਤੇ ਭਾਈ ਸਤੀ ਦਾਸ ਜੀ) ਨੂੰ ਰੋਪੜ ਦੇ ਨੇੜੇ ਮਲਕਪੁਰ ਰੰਘੜਾ ਪਿੰਡ ਤੋਂ ਗ੍ਰਿਫ਼ਤਾਰ ਕੀਤਾ ਗਿਆ ਤੇ ਕੁੱਝ ਦਿਨ ਸਰਹੰਦ ਦੇ ਸੂਬੇਦਾਰ ਕੋਲ ਕੈਦ ‘ਚ ਰੱਖਣ ਤੋਂ ਬਾਅਦ, ਬੱਸੀ ਪਠਾਣਾਂ ਦੀ ਜੇਲ੍ਹ ‘ਚ ਕੈਦ ਕਰ ਦਿੱਤਾ ਗਿਆ। ਚਾਰ ਮਹੀਨੇ ਕੈਦ ‘ਚ ਰੱਖਣ ਤੋਂ ਬਾਅਦ, ਗੁਰੂ ਸਾਹਿਬ ਜੀ ਨੂੰ ਲੋਹੇ ਦੇ ਪਿੰਜਰੇ ‘ਚ ਬੰਦ ਕਰਕੇ, ਭਾਰੀ ਪਹਿਰੇ ਹੇਠ ਦਿੱਲੀ ਲਿਆਂਦਾ ਗਿਆ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਦਿੱਲੀ ਲਿਆਂਦਾ ਗਿਆ ਤਾਂ ਔਰੰਗਜ਼ੇਬ ਦਿੱਲੀ ‘ਚ ਨਹੀਂ ਸੀ। ਓਹ ਹਸਨ ਅਬਦਾਲ ਦੇ ਇਲਾਕੇ ‘ਚ ਗਿਆ ਹੋਇਆ ਸੀ। ਔਰੰਗਜ਼ੇਬ ਦੇ ਹੁਕਮ ਅਨੁਸਾਰ, ਦਿੱਲੀ ਦੇ ਸ਼ਾਹੀ ਕਾਜ਼ੀ ਅਬਦੁੱਲ ਵਹਾਬ ਵੱਲੋਂ ਗੁਰੂ ਸਾਹਿਬ ਜੀ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਗਈਆਂ। ਇਸਲਾਮ ਕਬੂਲ ਕਰ ਲਓ ਜਾਂ ਕਰਾਮਾਤ ਦਿਖਾ ਦਿਓ, ਨਹੀਂ ਤਾਂ ਸ਼ਹੀਦ ਹੋਣ ਲਈ ਤਿਆਰ ਹੋ ਜਾਓ। ਗੁਰੂ ਸਾਹਿਬ ਜੀ ਨੂੰ ਇਹ ਵੀ ਕਿਹਾ ਗਿਆ ਕਿ ਸਿਆਣਪ ਇਸੇ ਵਿੱਚ ਹੁੰਦੀ ਹੈ ਕਿ ਸਮੇਂ ਦੀ ਹਕੂਮਤ ਦੀ “ਹਾਂ” ਵਿੱਚ “ਹਾਂ” ਮਿਲਾ ਕੇ ਸੁੱਖ ਭੋਗੇ ਜਾਣ। ਸਿਆਣੇ ਲੋਕ ਸਮੇਂ ਦੀਆਂ ਹਕੂਮਤਾਂ ਦਾ ਪੱਖ ਲੈਂਦੇ ਹਨ ਅਤੇ ਓਹਨਾਂ ਖ਼ਿਲਾਫ਼ ਨਹੀਂ ਅੜਦੇ। ਤੁਸੀਂ ਵੀ ਔਰੰਗਜ਼ੇਬ ਦੇ ਕਹੇ ਅਨੁਸਾਰ ਚੱਲ ਕੇ ਦੁਨਿਆਵੀ ਸੁੱਖ ਭੋਗ ਸਕਦੇ ਹੋ।

ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅੱਗੋਂ ਜੁਆਬ ਦਿੱਤਾ ਕਿ ਸਾਡੇ ਲਈ ਆਪਣਾ ਧਰਮ ਪਿਆਰਾ ਹੈ, ਧਰਮ ਤਿਆਗਣਾ ਤਾਂ ਬਹੁਤ ਦੂਰ ਦੀ ਗੱਲ ਹੈ, ਇਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਦੁਨਿਆਵੀ ਸੁੱਖ ਤਾਂ ਸੁਪਨੇ ਦੀ ਨਿਆਈਂ ਹਨ, ਪਲਾਂ ਵਿੱਚ ਹੀ ਖ਼ਤਮ ਹੋ ਜਾਂਦੇ ਹਨ। ਜਿਥੋਂ ਤੱਕ ਕਰਾਮਾਤ ਦਿਖਾਉਣ ਦੀ ਗੱਲ ਹੈ, ਕਰਾਮਾਤ ਤਾਂ ਕਹਿਰ ਦਾ ਨਾਮ ਹੈ। ਕਰਾਮਾਤ ਦਿਖਾਉਣੀ, ਉਸ ਅਕਾਲਪੁਰਖੁ ਦੀ ਰਜ਼ਾ ਤੋਂ ਮੁਨਕਰ ਹੋਣ ਸਮਾਨ ਹੈ ਅਤੇ ਗੁਰਮਤਿ ਆਸ਼ੇ ਦੇ ਉਲਟ ਹੈ। ਸਾਨੂੰ ਰੱਬ ਦੀ ਰਜ਼ਾ ‘ਚ ਰਹਿਣ ਦਾ ਹੁਕਮ ਹੈ। ਰਹੀ ਗੱਲ ਮੌਤ ਨੂੰ ਕਬੂਲ ਕਰਨ ਦੀ ਤਾਂ ਮੌਤ ਤੋਂ ਤਾਂ ਅੱਜ ਤੱਕ ਨਾ ਅਸੀਂ ਕਦੇ ਡਰੇ ਹਾਂ ਤੇ ਨਾ ਹੀ ਕਦੇ ਡਰਾਂਗੇ। ਧਰਮ ਦੀ ਰੱਖਿਆ ਕਰਨ ਖ਼ਾਤਰ ਤੇ ਜ਼ੁਲਮ ਨੂੰ ਮਿਟਾਉਣ ਲਈ, ਆਪਣੀ ਸ਼ਹਾਦਤ ਵੀ ਦੇਣੀ ਪਈ ਤਾਂ ਵੀ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ।

ਗੁਰੂ ਤੇਗ ਬਹਾਦਰ ਜੀ ਪਾਸੋਂ ਇਹ ਗੱਲ ਸੁਣ ਕੇ, ਮੁਗਲ ਹਕੂਮਤ ਨੇ ਕਾਜ਼ੀ ਦੀ ਸਲਾਹ ਨਾਲ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਗੁਰੂ ਸਾਹਿਬ ਜੀ ਨੂੰ ਪਿੰਜਰੇ ‘ਚ ਕੈਦ ਕਰ ਦਿੱਤਾ ਗਿਆ। ਪਿੰਜਰਾ ਵੀ ਇਹੋ ਜਿਹਾ, ਜਿਸ ਵਿੱਚ ਨਾ ਤਾਂ ਖੜ੍ਹਾ ਹੋਇਆ ਜਾ ਸਕਦਾ ਸੀ ਤੇ ਨਾ ਹੀ ਲੇਟਿਆ ਜਾ ਸਕਦਾ ਸੀ। ਸ਼ਹੀਦ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਲਾਲਚ, ਡਰ ਤੇ ਭਾਰੀ ਤਸੀਹੇ ਦਿੱਤੇ ਗਏ ਤਾਂ ਜੋ ਉਹ ਆਪਣਾ ਫੈਸਲਾ ਬਦਲ ਲੈਣ ਤੇ ਇਸਲਾਮ ਕਬੂਲ ਕਰ ਲੈਣ। ਪਰ, ਗੁਰੂ ਸਾਹਿਬ ਜੀ ਆਪਣੇ ਫ਼ੈਸਲੇ ‘ਤੇ ਅਡਿੱਗ ਸਨ।

ਮੁਗਲ ਹਕੂਮਤ ਵੱਲੋਂ, ਮਿਤੀ ੧੧ ਨਵੰਬਰ ਸੰਨ ੧੬੭੫ ਵਾਲੇ ਦਿਨ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ,  ਚਾਂਦਨੀ ਚੌਂਕ ਦਿੱਲੀ ਵਿਖੇ ਸ਼ਹੀਦ ਕਰਨ ਦਾ ਫੈਸਲਾ ਕੀਤਾ ਗਿਆ। ਔਰੰਗਜ਼ੇਬ ਵੱਲੋਂ ਆਮ ਲੋਕਾਂ ਅੰਦਰ ਡਰ ਤੇ ਖ਼ੌਫ਼ ਦਾ ਮਾਹੌਲ ਪੈਦਾ ਕਰਨ ਲਈ, ਸਾਰੇ ਸ਼ਹਿਰ ਅੰਦਰ ਗੁਰੂ ਸਾਹਿਬ ਜੀ ਦੀ ਸ਼ਹਾਦਤ ਸੰਬੰਧੀ ਮੁਨਾਦੀ ਕਰਵਾਈ ਗਈ ਤਾਂ ਜੋ ਉਸ ਦਿਨ ਵੱਧ ਤੋਂ ਵੱਧ ਲੋਕ ਆ ਕੇ ਆਪਣੀਆਂ ਅੱਖਾਂ ਨਾਲ ਦੇਖ ਲੈਣ ਕਿ ਇਸਲਾਮ ਕਬੂਲ ਨਾ ਕਰਕੇ, ਔਰੰਗਜ਼ੇਬ ਦੀ ਗੱਲ ਨਾ ਮੰਨਣ ਦਾ ਕੀ ਹਸ਼ਰ ਹੁੰਦਾ ਹੈ। ਹੁਕਮ ਅਦੂਲੀ ਕਰਨ ਵਾਲਿਆਂ ਨੂੰ ਕਿਵੇਂ ਤਸੀਹੇ ਦੇ-ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ।

ਉਸ ਦਿਨ ਦਿੱਲੀ ਦੇ ਚਾਂਦਨੀ ਚੌਂਕ ਇਲਾਕੇ ‘ਚ, ਦੇਖਣ ਵਾਲਿਆਂ ਦੀ ਭਾਰੀ ਭੀੜ ਜਮ੍ਹਾਂ ਸੀ। ਜਿਸ ‘ਚ ਹਿੰਦੂ ਤੇ ਮੁਸਲਮਾਨ ਦੋਵੇਂ ਵੱਡੀ ਗਿਣਤੀ ‘ਚ ਮੌਜ਼ੂਦ ਸਨ। ਗੁਰੂ ਸਾਹਿਬ ਜੀ ਨੂੰ ਭਿਆਨਕ ਮੌਤ ਦਾ ਡਰਾਵਾ ਦੇਣ ਲਈ, ਇੱਕ ਵਿਉਂਤ ਬਣਾਈ ਗਈ ਸੀ ਤੇ ਫ਼ੈਸਲਾ ਕੀਤਾ ਗਿਆ ਸੀ ਕਿ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ, ਗੁਰੂ ਸਾਹਿਬ ਜੀ ਦੇ ਪਿਆਰੇ ਕੁੱਝ ਸਿੱਖਾਂ ਨੂੰ ਤਸੀਹੇ ਦੇ-ਦੇ ਕੇ, ਗੁਰੂ ਸਾਹਿਬ ਜੀ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਜਾਵੇ। ਇੰਝ ਗੁਰੂ ਸਾਹਿਬ ਜੀ ਆਪਣੇ ਪਿਆਰੇ ਸਿੱਖਾਂ ਨੂੰ ਆਪਣੇ ਸਾਹਮਣੇ ਸ਼ਹੀਦ ਹੁੰਦਾ ਦੇਖ ਕੇ ਡੋਲ ਜਾਣਗੇ ਤੇ ਮੁਸਲਮਾਨ ਬਣਨਾ ਪ੍ਰਵਾਨ ਕਰ ਲੈਣਗੇ।

ਮਿਤੀ ੧੧ ਨਵੰਬਰ ਸੰਨ ੧੬੭੫ ਈ. ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਤਵਾਲੀ ਤੋਂ ਬਾਹਰ ਲਿਆ ਕੇ, ਇੱਕ ਰੁੱਖ ਹੇਠ ਬਿਠਾ ਦਿੱਤਾ ਗਿਆ ਅਤੇ ਆਪ ਜੀ ਦੇ ਸਾਹਮਣੇ ਭਾਈ ਮਤੀ ਦਾਸ ਜੀ ਨੂੰ ਲਿਆਂਦਾ ਗਿਆ। ਭਾਈ ਮਤੀ ਦਾਸ ਜੀ ਨੂੰ ਹੱਥ-ਕੜੀਆਂ ਤੇ ਬੇੜੀਆਂ ਨਾਲ ਬੰਨ੍ਹਿਆ ਹੋਇਆ ਸੀ। ਕਾਜ਼ੀ ਨੇ ਭਾਈ ਮਤੀ ਦਾਸ ਜੀ ਨੂੰ ਕਿਹਾ ਕਿ ਇਸਲਾਮ ਕਬੂਲ ਕਰ ਲਓ, ਨਹੀਂ ਤਾਂ ਆਰੇ ਨਾਲ ਸਰੀਰ ਚੀਰ ਕੇ ਤੁਹਾਨੂੰ ਸ਼ਹੀਦ ਕਰ ਦਿੱਤਾ ਜਾਵੇਗਾ। ਭਾਈ ਮਤੀ ਦਾਸ ਜੀ ਨੇ ਧਰਮ ਤਿਆਗਣ ਦੀ ਥਾਂ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ। ਭਾਈ ਮਤੀ ਦਾਸ ਜੀ ਪਾਸੋਂ ਆਖ਼ਰੀ ਖਾਹਿਸ਼ ਪੁੱਛੀ ਤਾਂ ਆਪ ਜੀ ਨੇ ਕਿਹਾ ਕਿ ਜਦੋਂ ਮੇਰਾ ਸਰੀਰ ਚੀਰਿਆ ਜਾਵੇ ਤਾਂ ਮੇਰਾ ਮੁੱਖ ਮੇਰੇ ਸਤਿਗੁਰੂ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਹੋਵੇ। ਜ਼ਲਾਦਾਂ ਨੇ ਭਾਈ ਮਤੀ ਦਾਸ ਜੀ ਨੂੰ ਲੱਕੜੀ ਦੇ ਮੋਟੇ-ਮੋਟੇ ਫੱਟਿਆਂ ‘ਚ ਜਕੜ ਕੇ ਬੰਨ੍ਹ ਦਿੱਤਾ ਤਾਂ ਜੋ ਉਹ ਹਿਲਜੁੱਲ ਨਾ ਸੱਕਣ। ਭਾਈ ਮਤੀ ਦਾਸ ਜੀ ਦਾ ਮੁੱਖ ਗੁਰੂ ਸਾਹਿਬ ਜੀ ਵੱਲ ਕਰ ਦਿੱਤਾ ਗਿਆ। ਜ਼ਲਾਦਾਂ ਨੇ ਭਾਈ ਮਤੀ ਦਾਸ ਜੀ ਦੇ ਸੀਸ ‘ਤੇ ਆਰਾ ਰੱਖ ਕੇ ਚਲਾਉਣਾ ਸ਼ੁਰੂ ਕੀਤਾ ਤਾਂ ਭਾਈ ਮਤੀ ਦਾਸ ਜੀ ਨੇ ਜਪੁਜੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਦੇਖਦਿਆਂ-ਦੇਖਦਿਆਂ ਹੀ ਭਾਈ ਮਤੀ ਦਾਸ ਜੀ ਦਾ ਸਰੀਰ ਦੋ-ਫਾੜ ਹੋ ਗਿਆ ਅਤੇ ਭਾਈ ਮਤੀ ਦਾਸ ਜੀ ਨੇ ਜਪੁਜੀ ਸਾਹਿਬ ਜੀ ਦੇ ਪਾਠ ਦੀ ਸੰਪੂਰਨਤਾ ਕਰਕੇ, ਆਪਣੇ ਸੁਆਸ ਤਿਆਗ ਦਿੱਤੇ। ਇਸ ਦੌਰਾਨ, ਗੁਰੂ ਸਾਹਿਬ ਜੀ ਸ਼ਾਂਤ ਚਿੱਤ ਹੋ ਕੇ ਅਡੋਲ ਬੈਠੇ ਰਹੇ।

ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਇੱਕ ਹੋਰ ਪਿਆਰੇ ਸਿੱਖ ਭਾਈ ਦਿਆਲਾ ਜੀ ਨੂੰ ਕਿਹਾ ਗਿਆ ਕਿ ਇਸਲਾਮ ਕਬੂਲ ਕਰ ਲਓ ਜਾਂ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਓ। ਭਾਈ ਦਿਆਲਾ ਜੀ ਨੇ ਵੀ ਭਾਈ ਮਤੀ ਦਾਸ ਜੀ ਦੀ ਤਰ੍ਹਾਂ ਹੀ ਧਰਮ ਤਿਆਗਣ ਦੀ ਥਾਂ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ। ਭਾਈ ਸਾਹਿਬ ਜੀ ਨੂੰ ਉਬਲਦੇ ਪਾਣੀ ਦੀ ਦੇਗ ‘ਚ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ। ਗੁਰੂ ਸਾਹਿਬ ਹੁਣ ਵੀ ਓਸੇ ਤਰ੍ਹਾਂ ਹੀ ਸ਼ਾਂਤ ਚਿੱਤ ਤੇ ਅਡੋਲ ਬੈਠੇ ਰਹੇ।

ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਸਤੀ ਦਾਸ ਜੀ ਦੀ ਵਾਰੀ ਆਈ (ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਦੇ ਭਰਾਤਾ ਸਨ)। ਭਾਈ ਸਤੀ ਦਾਸ ਜੀ ਨੂੰ ਵੀ ਉਹੀ ਕਿਹਾ ਗਿਆ ਕਿ ਇਸਲਾਮ ਕਬੂਲ ਕਰ ਲਓ ਜਾਂ ਫਿਰ ਸ਼ਹੀਦ ਹੋਣ ਲਈ ਤਿਆਰ ਹੋ ਜਾਓ। ਭਾਈ ਸਤੀ ਦਾਸ ਜੀ ਨੇ ਵੀ ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਤਰ੍ਹਾਂ ਹੀ ਧਰਮ ਤਿਆਗਣ ਦੀ ਥਾਂ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ। ਕਾਜ਼ੀ ਨੇ ਫ਼ਤਵਾ ਜਾਰੀ ਕਰ ਦਿੱਤਾ ਕਿ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ, ਅੱਗ ਲਾ ਦਿੱਤੀ ਜਾਵੇ ਅਤੇ ਸਤੀ ਦਾਸ ਜੀ ਨੂੰ ਜਿਉਂਦੇ ਹੀ ਸਾੜ ਕੇ ਸ਼ਹੀਦ ਕਰ ਦਿੱਤਾ ਜਾਵੇ। ਭਾਈ ਸਤੀ ਦਾਸ ਜੀ ਨੂੰ ਰੂੰ ‘ਚ ਲਪੇਟ ਕੇ, ਰੂੰ ਨੂੰ ਅੱਗ ਲਾ ਦਿੱਤੀ ਗਈ। ਕੁੱਝ ਹੀ ਪਲਾਂ ‘ਚ, ਭਾਈ ਸਤੀ ਦਾਸ ਜੀ ਵੀ ਸ਼ਹੀਦੀ ਪਾ ਗਏ। ਗੁਰੂ ਸਾਹਿਬ ਜੀ ਆਪਣੇ ਪਿਆਰੇ ਸਿੱਖਾਂ ਦੀ,ਆਪਣੀਆਂ ਅੱਖਾਂ ਸਾਹਮਣੇ ਹੋਈ ਸ਼ਹਾਦਤ ਦੇਖ ਕੇ ਵੀ ਨਹੀਂ ਡੋਲੇ।

ਇਹਨਾਂ ਸਿੱਖਾਂ ਦੀ ਸ਼ਹਾਦਤ ਤੋਂ ਬਾਅਦ, ਜਦੋਂ ਮੁਗਲ ਹਕੂਮਤ ਨੇ ਦੇਖਿਆ ਕਿ ਗੁਰੂ ਸਾਹਿਬ ਜੀ ਤਾਂ ਓਸੇ ਤਰ੍ਹਾਂ ਹੀ ਸ਼ਾਂਤ-ਚਿੱਤ ਤੇ ਅਡੋਲ ਬੈਠੇ ਹਨ ਤਾਂ ਇੱਕ ਵਾਰ ਫਿਰ ਕਾਜ਼ੀ ਅਬਦੁੱਲ ਵਹਾਬ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਹਾਲੇ ਵੀ ਸਮਾਂ ਹੈ, ਇਸਲਾਮ ਕਬੂਲ ਕਰ ਲਓ ਜਾਂ ਕਰਾਮਾਤ ਦਿਖਾ ਦਿਓ, ਜ਼ਿੰਦਗੀ ਬਖ਼ਸ਼ ਦਿੱਤੀ ਜਾਵੇਗੀ। ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜਿਸ ਗੁਰੂ ਕਿਆਂ ਸਿੱਖਾਂ ਅੰਦਰ ਧਰਮ ਪ੍ਰਤੀ ਇੰਨਾ ਪਿਆਰ ਤੇ ਦ੍ਰਿੜ੍ਹਤਾ ਹੈ ਕਿ ਓਹਨਾਂ ਨੇ ਆਪਣਾ ਧਰਮ ਤਿਆਗਣ ਨਾਲੋਂ ਸ਼ਹੀਦ ਹੋਣਾ ਪ੍ਰਵਾਨ ਕਰ ਲਿਆ ਹੈ, ਤੁਸੀਂ ਉਸ ਗੁਰੂ ਨੂੰ ਧਰਮ ਤਿਆਗਣ ਲਈ ਕਹਿ ਰਹੇ ਹੋ? ਦੂਜਾ, ਜਿਥੋਂ ਤੱਕ ਕਰਾਮਾਤ ਦਿਖਾਉਣ ਦੀ ਗੱਲ ਹੈ ਤਾਂ ਗੁਰੂ ਘਰ ਅੰਦਰ ਕਰਾਮਾਤ ਦਿਖਾਉਣੀ ਕਹਿਰ ਹੈ। ਸਾਨੂੰ ਰੱਬ ਦੀ ਰਜ਼ਾ ‘ਚ ਰਹਿਣ ਦਾ ਹੁਕਮ ਹੈ।

ਇਹ ਗੱਲ ਸੁਣ ਕੇ,ਕਾਜ਼ੀ ਅਬਦੁੱਲ ਵਹਾਬ ਨੇ ਜ਼ੱਲਾਦ ਜ਼ਲਾਲੂਦੀਨ ਨੂੰ ਹੁਕਮ ਕਰ ਦਿੱਤਾ ਕਿ ਗੁਰੂ ਸਾਹਿਬ ਜੀ ਦਾ ਧੜ ਸੀਸ ਤੋਂ ਅਲੱਗ ਕਰਕੇ,ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਜਾਵੇ। ਇੰਝ ੧੧ ਨਵੰਬਰ ਸੰਨ ੧੬੭੫ ਈ. ਨੂੰ ਚਾਂਦਨੀ ਚੌਂਕ, ਦਿੱਲੀ ਵਿਖੇ ਹਜ਼ਾਰਾਂ ਲੋਕਾਂ ਦੀ ਭੀੜ ਦੇ ਸਾਹਮਣੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਤਲਵਾਰ ਨਾਲ ਧੜ ਤੋਂ ਅਲੱਗ ਕਰਕੇ, ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸ ਅਸਥਾਨ ‘ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਭਾਇਮਾਨ ਹੈ।

ਇਸ ਅਦੁੱਤੀ, ਅਨੋਖੀ, ਵਿਲੱਖਣ ਤੇ ਲਾਸਾਨੀ ਸ਼ਹਾਦਤ ਨੂੰ ਦੇਖ ਕੇ, ਦਿੱਲੀ ‘ਚ ਹਾ-ਹਾਕਾਰ ਮੱਚ ਗਈ। ਇਸ ਘਟਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇੰਝ ਬਿਆਨ ਕੀਤਾ ਹੈ –

ਦੋਹਰਾ

ਠੀਕਰ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ

ਤੇਗ ਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ ੧੫

ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ

ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ ੧੬

ਚਾਰੇ ਪਾਸੇ ਡਰ ਤੇ ਸਹਿਮ ਦਾ ਮਾਹੌਲ ਬਣ ਗਿਆ ਸੀ। ਔਰੰਗਜ਼ੇਬ ਦਾ ਕਹਿਰ ਆਪਣੇ ਸਿਖ਼ਰ ‘ਤੇ ਸੀ। ਜ਼ਾਲਮਾਂ ਨੇ ਬੜਾ ਭਾਰੀ ਜ਼ੁਲਮ ਢਾਹਿਆ ਸੀ। ਗੁਰੂ ਸਾਹਿਬ ਜੀ ਦੇ ਸਿਦਕ ਅੱਗੇ, ਜ਼ਾਲਮਾਂ ਦਾ ਜ਼ੁਲਮ ਹਾਰ ਗਿਆ ਸੀ। ਇਸ ਸਮੇਂ ਆਸਮਾਨ ‘ਤੇ, ਕਾਲੇ ਤੇ ਘਣੇ ਬੱਦਲ ਛਾ ਗਏ ਸਨ। ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋ ਗਿਆ ਸੀ। ਇੰਝ ਜਾਪਦਾ ਸੀ ਜਿਵੇਂ ਕਿ ਜ਼ੁਲਮ ਦੀ ਇਸ ਇੰਤਿਹਾ ਨੂੰ ਦੇਖ ਕੇ, ਧਰਤਿ ਤੇ ਅੰਬਰ ਦੋਵੇਂ ਕੰਬ ਗਏ ਹੋਣ ਤੇ ਰੋ ਰਹੇ ਹੋਣ। ਚਾਰੇ ਪਾਸੇ ਸੰਨਾਟਾ ਛਾ ਗਿਆ ਸੀ। ਹਿੰਦੂ, ਮੁਸਲਮਾਨ ਤੇ ਸਿੱਖ, ਸਭ ਦੀਆਂ ਅੱਖਾਂ ‘ਚ ਅੱਥਰੂ ਸਨ।

ਗੁਰੂ ਸਾਹਿਬ ਜੀ ਦੇ ਸੀਸ ਤੇ ਸਰੀਰ ਦੀ ਸੰਭਾਲ :

ਭਾਈ ਜੈਤਾ ਜੀ, ਦਿੱਲੀ ਦੀ ਦਿਲਵਾਲੀ ਗਲੀ ‘ਚ ਰਹਿੰਦੇ ਸਨ। ਇਸੇ ਗਲੀ ‘ਚ ਭਾਈ ਨਾਨੂ ਜੀ ਦਾ ਵੀ ਘਰ ਸੀ। ਜਦੋਂ ਕਾਜ਼ੀ ਨੇ ਇਹ ਫਤਵਾ ਸੁਣਾਇਆ ਕਿ ਗੁਰੂ ਸਾਹਿਬ ਜੀ ਦਾ ਸੀਸ ਧੜ ਤੋਂ ਅਲੱਗ ਕਰਕੇ, ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਜਾਵੇ ਤਾਂ ਭਾਈ ਨਾਨੂ ਜੀ, ਭਾਈ ਊਦਾ ਜੀ ਤੇ ਭਾਈ ਗੁਰਦਿੱਤਾ ਜੀ, ਭਾਈ ਜੈਤਾ ਜੀ ਘਰ ਆ ਗਏ ਅਤੇ ਵਿਚਾਰ ਕੀਤੀ ਕਿ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ, ਆਪ ਜੀ ਦੇ ਪਾਵਨ ਸੀਸ ਤੇ ਸਰੀਰ ਦੀ ਸੰਭਾਲ ਕਿਵੇਂ ਕੀਤੀ ਜਾਵੇ?

ਗੁਰੂ ਸਾਹਿਬ ਜੀ ਦੇ ਸੀਸ ਨੂੰ ਸੰਭਾਲਣ ਦੀ ਸੇਵਾ ਭਾਈ ਜੈਤਾ ਜੀ ਨੇ ਆਪਣੇ ਜਿੰਮੇ ਲੈ ਲਈ। ਸਭਨਾਂ ਨੇ ਵਿਚਾਰ ਕਰਕੇ, ਇਹ ਵਿਉਂਤ ਬਣਾਈ ਕਿ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਸੰਭਾਲਣ ਦੀ ਸੇਵਾ ਭਾਈ ਲੱਖੀ ਸ਼ਾਹ ਜੀ ਨੂੰ ਦਿੱਤੀ ਜਾਵੇ ਕਿਉਂਕਿ ਭਾਈ ਲੱਖੀ ਸ਼ਾਹ ਜੀ ਗੁਰੂ ਘਰ ਦੇ ਸ਼ਰਧਾਲੂ ਹੋਣ ਦੇ ਨਾਲ-ਨਾਲ, ਧਨਾਢ ਵਪਾਰੀ ਵੀ ਹਨ ਤੇ ਉਹਨਾਂ ਦਾ ਦਿੱਲੀ ‘ਚ ਅਸਰ-ਰਸੂਖ ਵੀ ਬਹੁਤ ਹੈ।

ਸੀਸ ਮਾਰਗ :

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ, ਭਾਈ ਜੈਤਾ ਜੀ ਨੇ ਗੁਰੂ ਚਰਨਾਂ ‘ਚ ਅਰਦਾਸ ਕੀਤੀ ਕਿ ਸੱਚੇ ਪਾਤਿਸ਼ਾਹ ! ਆਪ ਜੀ ਦਾ ਓਟ-ਆਸਰਾ ਲੈ ਕੇ, ਆਪ ਜੀ ਦੇ ਸੀਸ ਨੂੰ ਸੰਭਾਲਣ ਦੀ ਸੇਵਾ ਕਰਨ ਲੱਗਾ ਹਾਂ, ਆਪ ਜੀ ਨੇ ਕਿਰਪਾ ਕਰਨੀ, ਸਹਾਈ ਹੋਣਾ ਤਾਂ ਜੋ ਇਹ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਕਰ ਸਕਾਂ। ਅਰਦਾਸ ਕਰਕੇ, ਭਾਈ ਜੈਤਾ ਜੀ ਨੇ ਖਰਾਬ ਮੌਸਮ ਤੇ ਪਹਿਰੇਦਾਰਾਂ ਦੇ ਅਵੇਸਲੇਪਨ ਦਾ ਫ਼ਾਇਦਾ ਲੈਂਦੇ ਹੋਏ, ਗੁਰੂ ਸਾਹਿਬ ਜੀ ਦੇ ਪਾਵਨ ਸੀਸ ਨੂੰ ਸੋਹਣੇ ਪੋਸ਼ਾਕੇ ‘ਚ ਲਪੇਟ ਲਿਆ ਅਤੇ ਗੁਰੂ ਸਾਹਿਬ ਜੀ ਦੇ ਸੀਸ ਨੂੰ ਆਪਣੇ ਸਿਰ ‘ਤੇ ਰੱਖ ਕੇ, ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ।

ਪਹਿਲਾ ਪੜਾਅ ਬਾਗਪਤ (ਉੱਤਰ ਪ੍ਰਦੇਸ਼):

ਭਾਈ ਜੈਤਾ ਜੀ ਨੇ ਦਿੱਲੀ ਤੋਂ ਚੱਲ ਕੇ, ਪਹਿਲਾ ਪੜਾਅ ਬਾਗਪਤ ਕੀਤਾ। ਸਾਰੀ ਰਾਤ ਪੈਦਲ ਸਫ਼ਰ ਕਰਦੇ-ਕਰਦੇ, ਭਾਈ ਜੈਤਾ ਜੀ ਥੱਕ ਵੀ ਗਏ ਸਨ ਤੇ ਮੁਗਲ ਫੌਜ਼ਾਂ ਦਾ ਡਰ ਵੀ ਸੀ ਕਿ ਕਿਤੇ ਮੁਗਲ ਫੌਜ਼ਾਂ ਆਪ ਜੀ ਨੂੰ ਫੜ ਹੀ ਨਾ ਲੈਣ। ਭਾਈ ਜੈਤਾ ਜੀ ਬਾਗਪਤ ਵਿਖੇ ਸੂਫ਼ੀ ਫ਼ਕੀਰ, ਸ਼ੇਖ ਹਜ਼ਰਤ ਵਾਹੂਦੀਨ ਦੀ ਦਰਗਾਹ ‘ਤੇ ਪਹੁੰਚੇ। ਸ਼ੇਖ ਜੀ ਨੇ ਪੁੱਛਿਆ ਕਿ ਭਾਈ ! ਤੂੰ ਕੌਣ ਹੈਂ ? ਭਾਈ ਜੈਤਾ ਜੀ ਨੇ ਦੱਸਿਆ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਹਾਂ। ਸ਼ੇਖ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹਾਲ-ਚਾਲ ਪੁੱਛਿਆ ਤਾਂ ਭਾਈ ਜੈਤਾ ਜੀ ਨੇ ਸਾਰਾ ਬ੍ਰਿਤਾਂਤ ਸ਼ੇਖ ਜੀ ਨੂੰ ਸੁਣਾ ਦਿੱਤਾ। ਸ਼ੇਖ ਜੀ ਨੇ ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟਾਈ। ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਕੇ, ਸ਼ੇਖ ਜੀ ਨੇ ਸਿਜ਼ਦਾ ਕੀਤਾ, ਸ਼ੇਖ ਜੀ ਦੀਆਂ ਅੱਖਾਂ ‘ਚੋਂ ਅੱਥਰੂ ਵਹਿ ਤੁਰੇ। ਭਰੇ ਮਨ ਨਾਲ ਭਾਈ ਜੈਤਾ ਜੀ ਨੂੰ ਕਹਿਣ ਲੱਗੇ ਕਿ ਤੁਹਾਡੀ ਸੇਵਾ ਬਹੁਤ ਵੱਡੀ ਹੈ, ਬਿਖੜਾ ਪੈਂਡਾ ਹੈ, ਸਾਰੀ ਰਾਤ ਪੈਦਲ ਸਫ਼ਰ ਕਰਨ ਕਰਕੇ, ਤੁਸੀਂ ਥੱਕ ਗਏ ਹੋਵੋਗੇ। ਕੁੱਝ ਖਾਧਾ ਪੀਤਾ ਵੀ ਨਹੀਂ ਹੋਣਾ। ਇਥੇ ਨੇੜੇ ਹੀ ਗੁਰੂ ਘਰ ਦੇ ਸ਼ਰਧਾਲੂ ਭਾਈ ਕ੍ਰਿਸ਼ਨਪਾਲ ਦਾ ਘਰ ਹੈ, ਓਥੇ ਚੱਲ ਕੇ ਪ੍ਰਸ਼ਾਦਾ ਛੱਕ ਲਓ ਤੇ ਥੋੜ੍ਹਾ ਅਰਾਮ ਕਰ ਲਓ। ਭਾਈ ਜੈਤਾ ਜੀ, ਸ਼ੇਖ ਜੀ ਦੇ ਨਾਲ ਭਾਈ ਕ੍ਰਿਸ਼ਨਪਾਲ ਜੀ ਦੇ ਗ੍ਰਿਹ ਵਿਖੇ ਆ ਗਏ ਅਤੇ ਇੱਥੇ ਹੀ ਪ੍ਰਸ਼ਾਦਾ ਛੱਕਿਆ ਤੇ ਅਰਾਮ ਕੀਤਾ। ਜਿੰਨਾ ਸਮਾਂ ਭਾਈ ਜੈਤਾ ਜੀ, ਭਾਈ ਕ੍ਰਿਸ਼ਨਪਾਲ ਜੀ ਦੇ ਗ੍ਰਿਹ ਵਿਖੇ ਟਿਕੇ, ਕ੍ਰਿਸ਼ਨਪਾਲ ਜੀ ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਦੇ ਰਹੇ। ਓਹਨਾਂ ਦੀਆਂ ਅੱਖਾਂ ‘ਚੋਂ ਅੱਥਰੂ ਵਹੀ ਤੁਰੇ ਜਾ ਰਹੇ ਸਨ।

ਦੂਜਾ ਪੜਾਅ  ਤਰਾਵੜੀ (ਹਰਿਆਣਾ):

ਦਿਨ ਚੜ੍ਹੇ ਭਾਈ ਜੈਤਾ ਜੀ ਨੇ ਜੰਗਲਾਂ ਦੇ ਰਸਤੇ, ਸ੍ਰੀ ਅਨੰਦਪੁਰ ਸਾਹਿਬ ਵੱਲ ਚਾਲੇ ਪਾ ਦਿੱਤੇ। ਸਾਰਾ ਦਿਨ ਕੰਡਿਆਲੇ ਰਾਹਾਂ ‘ਤੇ ਤੁਰਦੇ ਰਹੇ, ਪਰ, ਸਿਦਕ ਨਹੀਂ ਹਾਰਿਆ। ਮੁਗਲ ਫ਼ੌਜਾਂ ਦਾ ਡਰ ਵੀ ਬਣਿਆ ਹੋਇਆ ਸੀ। ਹਨੇਰੇ ਪਏ ਭਾਈ ਜੈਤਾ ਜੀ ਤਰਾਵੜੀ ਪਹੁੰਚ ਗਏ। ਭਾਈ ਸਾਹਿਬ ਜੀ ਝਾੜੀਆਂ ਵਿਚ ਦੀ ਤੁਰੇ ਜਾ ਰਹੇ ਸਨ ਕਿ ਧੋਬੀ ਦੇਵਾ ਰਾਮ, ਜੋ ਕਿ ਨੇੜੇ ਹੀ ਕਪੜੇ ਧੋ ਰਿਹਾ ਸੀ, ਨੇ ਭਾਈ ਸਾਹਿਬ ਜੀ ਦੇ ਪੈਰਾਂ ਦੀ ਅਵਾਜ਼ ਸੁਣੀ। ਅਵਾਜ਼ ਸੁਣ ਕੇ ਭਾਈ ਦੇਵਾ ਰਾਮ ਨੇ ਉੱਚੇ ਜਿਹੇ ਪੁੱਛਿਆ ਕਿ ਕੌਣ ਹੈਂ ਭਾਈ ? ਭਾਈ ਜੈਤਾ ਜੀ ਨੇ ਦੱਸਿਆ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿੱਖ ਹਾਂ ਤੇ ਦਿੱਲੀ ਤੋਂ ਆ ਰਿਹਾ ਹਾਂ। ਇਹ ਸੁਣ ਕੇ, ਭਾਈ ਦੇਵਾ ਰਾਮ ਨੇ ਕਿਹਾ ਕਿ ਮੈਂ ਵੀ ਗੁਰੂ ਘਰ ਦਾ ਸ਼ਰਧਾਲੂ ਹਾਂ। ਤੁਸੀਂ ਚੱਲ ਕੇ ਮੇਰੇ ਘਰ ਅਰਾਮ ਕਰੋ।

ਭਾਈ ਦੇਵਾ ਰਾਮ ਨੂੰ ਹੁਣ ਤੱਕ ਗੁਰੂ ਸਾਹਿਬ ਜੀ ਦੀ ਸ਼ਹਾਦਤ ਬਾਰੇ ਪਤਾ ਨਹੀਂ ਸੀ। ਇਹ ਗੁਰੂ ਸਾਹਿਬ ਜੀ ਦਾ ਸੁੱਖ-ਸੁਨੇਹਾ ਲੈਣ ਲਈ ਬਹੁਤ ਬਿਹਬਲ ਸੀ। ਭਾਈ ਦੇਵਾ ਰਾਮ, ਭਾਈ ਜੈਤਾ ਜੀ ਨੂੰ ਕਹਿਣ ਲੱਗਾ ਕਿ ਤੁਸੀਂ ਦਿੱਲੀ ਤੋਂ ਆ ਰਹੇ ਹੋ, ਗੁਰੂ ਸਾਹਿਬ ਜੀ ਦਾ ਕੋਈ ਸੁੱਖ -ਸੁਨੇਹਾ ਸੁਣਾਓ। ਗੁਰੂ ਸਾਹਿਬ ਜੀ ਬਾਰੇ ਕੁੱਝ ਦੱਸੋ, ਅੱਜ-ਕੱਲ੍ਹ ਕਿੱਥੇ ਬਿਰਾਜਮਾਨ ਹਨ ਤੇ ਕਿਸ ਧਰਤਿ ਨੂੰ ਭਾਗ ਲਾ ਰਹੇ ਹਨ? ਭਾਈ ਜੈਤਾ ਜੀ ਨੇ ਦਿੱਲੀ ‘ਚ ਵਰਤੇ ਕਹਿਰ ਬਾਰੇ ਭਾਈ ਦੇਵਾ ਰਾਮ ਜੀ ਨੂੰ ਦੱਸਿਆ ਤਾਂ ਭਾਈ ਦੇਵਾ ਰਾਮ ਜੀ ਦੀਆਂ ਅੱਖਾਂ ‘ਚੋਂ ਅੱਥਰੂ ਵਹਿ ਤੁਰੇ, ਮਨ ਵੈਰਾਗ ‘ਚ ਆ ਗਿਆ। ਭਾਈ ਦੇਵਾ ਰਾਮ ਜੀ ਨੇ ਗੁਰੂ ਸਾਹਿਬ ਜੀ ਦੇ ਪਾਵਨ ਸੀਸ ਨੂੰ ਉੱਚੀ ਥਾਂ ‘ਤੇ ਸੁਭਾਇਮਾਨ ਕੀਤਾ ਅਤੇ ਭਾਈ ਜੈਤਾ ਜੀ ਤੇ ਭਾਈ ਦੇਵਾ ਰਾਮ ਜੀ ਦਾ ਸਾਰਾ ਪਰਿਵਾਰ ਸਿਮਰਨ ਕਰਦੇ ਰਹੇ। ਭਾਈ ਜੈਤਾ ਜੀ, ਕੁੱਝ ਸਮਾਂ ਇੱਥੇ ਅਰਾਮ ਕਰਕੇ, ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ। ਇਸ ਅਸਥਾਨ ‘ਤੇ ਸੁੰਦਰ ਗੁਰਦੁਆਰਾ ਸਾਹਿਬ “ਸੀਸ ਗੰਜ ਪਾਤਿਸ਼ਾਹੀ ਨੌਵੀਂ” ਸੁਭਾਇਮਾਨ ਹੈ।

ਤੀਜਾ ਪੜਾਅ ਅੰਬਾਲਾ (ਹਰਿਆਣਾ) :

ਤਰਾਵੜੀ ਤੋਂ ਚੱਲ ਕੇ, ਭਾਈ ਜੈਤਾ ਜੀ ਅੰਬਾਲੇ ਪਹੁੰਚ ਗਏ। ਇੱਥੇ ਭਾਈ ਜੈਤਾ ਜੀ ਨੇ ਟਾਂਗਰੀ ਨਦੀ ਦੇ ਕਿਨਾਰੇ ਟਿਕਾਣਾ ਕੀਤਾ ਅਤੇ ਗੁਰੂ ਸਾਹਿਬ ਜੀ ਦਾ ਪਾਵਨ ਸੀਸ, ਸਤਿਕਾਰ ਸਹਿਤ ਇੱਕ ਜੰਡ ਦੇ ਰੁੱਖ ਹੇਠ ਬਿਰਾਜਮਾਨ ਕਰ ਦਿੱਤਾ। ਆਸ-ਪਾਸ ਪੁੱਛਣ ‘ਤੇ ਪਤਾ ਲੱਗਾ ਕਿ ਕੈਂਥ ਮਾਜਰੀ ਮਹੱਲੇ ‘ਚ ਭਾਈ ਰਾਮਦੇਵਾ ਨਾਮ ਦਾ ਇੱਕ ਸਿੱਖ ਰਹਿੰਦਾ ਹੈ। ਭਾਈ ਜੈਤਾ ਜੀ, ਗੁਰੂ ਸਾਹਿਬ ਜੀ ਦਾ ਸੀਸ ਆਪਣੇ ਸਿਰ ‘ਤੇ ਰੱਖ ਕੇ, ਭਾਈ ਰਾਮਦੇਵਾ ਜੀ ਦੇ ਘਰ ਪਹੁੰਚ ਗਏ ਅਤੇ ਦਿੱਲੀ ‘ਚ ਵਰਤੇ ਕਹਿਰ ਬਾਰੇ ਦੱਸਿਆ। ਇਹ ਸਾਰਾ ਬ੍ਰਿਤਾਂਤ ਸੁਣ ਕੇ,ਭਾਈ ਰਾਮਦੇਵਾ ਜੀ ਦੀਆਂ ਭੁੱਬਾਂ ਨਿਕਲ ਗਈਆਂ, ਉਹਨਾਂ ਦੀਆਂ ਅੱਖਾਂ ‘ਚੋਂ ਅੱਥਰੂ ਰੁਕਣ ਦਾ ਨਾਮ ਨਹੀਂ ਸਨ ਲੈ ਰਹੇ।

ਭਾਈ ਜੈਤਾ ਜੀ ਨੇ ਇਹ ਥਾਂ ਸੁਰੱਖਿਅਤ ਜਾਣ ਕੇ, ਰਾਤ ਇੱਥੇ ਹੀ ਟਿਕਾਣਾ ਕਰਨ ਦਾ ਫੈਸਲਾ ਕੀਤਾ। ਭਾਈ ਰਾਮਦੇਵਾ ਜੀ ਪਾਠ ਕਰਦੇ ਰਹੇ ਤੇ ਨਾਲ ਹੀ ਪਹਿਰਾ ਦਿੰਦੇ ਰਹੇ। ਭਾਈ ਜੈਤਾ ਜੀ ਨੇ ਕੁੱਝ ਸਮਾਂ ਇੱਥੇ ਅਰਾਮ ਕਰਕੇ, ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚਾਲੇ ਪਾ ਦਿੱਤੇ। ਇਸ ਅਸਥਾਨ ‘ਤੇ, ਸੁੰਦਰ ਗੁਰਦੁਆਰਾ ਸੀਸ ਗੰਜ ਸਾਹਿਬ ਸੁਭਾਇਮਾਨ ਹੈ। ਇਹ ਅਸਥਾਨ ਗੁਰਦੁਆਰਾ ਮੰਜੀ ਸਾਹਿਬ,ਅੰਬਾਲਾ ਸ਼ਹਿਰ ਤੋਂ ਲਗਭਗ ਅੱਧੇ ਕਿਲੋਮੀਟਰ ਦੀ ਵਿੱਥ ‘ਤੇ ਹੈ।

ਚੌਥਾ ਪੜਾਅ ਨਾਭਾ ਸਾਹਿਬ (ਪੰਜਾਬ) :

ਅੰਬਾਲੇ ਤੋਂ ਚੱਲ ਕੇ, ਭਾਈ ਜੈਤਾ ਜੀ ਰਾਜਪੁਰਾ-ਜ਼ੀਰਕਪੁਰ ਵਾਲੀ ਸੜਕ ‘ਤੇ ਆ ਗਏ। ਇਸ ਇਲਾਕੇ ‘ਚ, ਬਹੁਤ ਵੱਡਾ ਤੇ ਸੰਘਣਾ ਜੰਗਲ ਸੀ। ਇਹ ਸਾਰਾ ਇਲਾਕਾ ਮੁਸਲਮਾਨਾਂ ਦਾ ਹੁੰਦਾ ਸੀ। ਗੁਰੂ ਸਾਹਿਬ ਜੀ ਦੇ ਸੀਸ ਦੇ ਸਤਿਕਾਰ ਨੂੰ ਧਿਆਨ ‘ਚ ਰੱਖਦਿਆਂ ਹੋਇਆਂ, ਭਾਈ ਜੈਤਾ ਜੀ ਰਾਤ ਸਮੇਂ ਕਿਸੇ ਸੁਰੱਖਿਅਤ ਅਸਥਾਨ ‘ਤੇ ਟਿਕਾਣਾ ਕਰਨਾ ਚਾਹੁੰਦੇ ਸਨ। ਭਾਈ ਜੈਤਾ ਜੀ ਨੂੰ ਇਸ ਸੰਘਣੇ ਜੰਗਲ ‘ਚ, ਇੱਕ ਕੁਟੀਆ ਦਿਖਾਈ ਦਿੱਤੀ। ਭਾਈ ਜੈਤਾ ਜੀ ਇਸ ਕੁਟੀਆ ‘ਚ ਪਹੁੰਚੇ ਤਾਂ ਪਤਾ ਲੱਗਾ ਕਿ ਇਹ ਕੁਟੀਆ ਦਰਗਾਹੀ ਸ਼ਾਹ ਫਕੀਰ ਦੀ ਹੈ ਜੋ ਕਿ ਗੁਰੂ ਘਰ ਦਾ ਸ਼ਰਧਾਲੂ ਹੈ। ਇਸ ਫਕੀਰ ਨੇ ਭਾਈ ਜੈਤਾ ਜੀ ਨੂੰ, ਇਸ ਜੰਗਲ ‘ਚ ਆਉਣ ਦਾ ਕਾਰਨ ਪੁੱਛਿਆ ਤਾਂ ਭਾਈ ਜੈਤਾ ਜੀ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਸਾਰਾ ਬ੍ਰਿਤਾਂਤ ਸੁਣਾ ਦਿੱਤਾ। ਪੀਰ ਜੀ ਦੇ ਨੈਣ ਭਰ ਆਏ। ਓਹਨਾਂ ਨੇ ਭਾਈ ਜੈਤਾ ਜੀ ਨੂੰ ਬਹੁਤ ਪਿਆਰ ਤੇ ਸਤਿਕਾਰ ਨਾਲ ਬੇਨਤੀ ਕੀਤੀ ਕਿ ਤੁਸੀ ਪੈਦਲ ਚੱਲਣ ਕਾਰਨ ਬਹੁਤ ਥੱਕ ਗਏ ਹੋਵੋਗੇ, ਪੈਂਡਾ ਬਹੁਤ ਲੰਮਾ ਹੈ, ਇਸ ਲਈ ਤੁਸੀਂ ਗੁਰੂ ਸਾਹਿਬ ਜੀ ਦਾ ਸੀਸ ਮੈਨੂੰ ਦੇ ਦਿਓ ਤੇ ਤੁਸੀਂ ਇਸ਼ਨਾਨ ਕਰਕੇ, ਪ੍ਰਸ਼ਾਦਾ ਛੱਕ ਕੇ, ਅਰਾਮ ਕਰ ਲਓ, ਸੀਸ ਦੀ ਰਾਖੀ ਮੈਂ ਆਪ ਕਰਾਂਗਾ। ਮੇਰੇ ਧੰਨ ਭਾਗ ਹਨ, ਜਿਸ ਦੀ ਕੁਟੀਆ ‘ਚ ਗੁਰੂ ਸਾਹਿਬ ਜੀ ਦਾ ਸੀਸ ਪਹੁੰਚਿਆ ਹੈ। ਪੀਰ ਜੀ ਨੇ ਆਪਣੀ ਕੁਟੀਆ ‘ਚ ਹੀ ਮਿੱਟੀ ਦਾ ਉੱਚਾ ਥੜ੍ਹਾ ਤਿਆਰ ਕੀਤਾ ਅਤੇ ਗੁਰੂ ਸਾਹਿਬ ਜੀ ਦਾ ਸੀਸ, ਬਹੁਤ ਪਿਆਰ ਤੇ ਸਤਿਕਾਰ ਸਹਿਤ ਇਸ ਥੜ੍ਹੇ ‘ਤੇ ਸੁਭਾਇਮਾਨ ਕਰ ਦਿੱਤਾ। ਪੀਰ ਜੀ ਸਾਰੀ ਰਾਤ ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਦੇ ਹੋਏ, ਰੱਬੀ ਰੰਗ ‘ਚ ਰੱਤੇ ਤੇ ਭਿੱਜੇ ਰਹੇ। ਅੰਮ੍ਰਿਤ ਵੇਲੇ ਭਾਈ ਜੈਤਾ ਜੀ ਉੱਠੇ, ਇਸ਼ਨਾਨ ਕਰਕੇ ਤੇ ਪ੍ਰਸ਼ਾਦਾ ਛੱਕ ਕੇ, ਪੀਰ ਜੀ ਪਾਸੋਂ ਖ਼ੁਸ਼ੀਆਂ ਲੈ ਕੇ, ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਚੱਲ ਪਏ। ਇਸ ਪਾਵਨ ਅਸਥਾਨ ‘ਤੇ ਸੁੰਦਰ ਗੁਰਦੁਆਰਾ ਨਾਭਾ ਸਾਹਿਬ ਪਾਤਸ਼ਾਹੀ ਨੌਵੀਂ ਤੇ ਦੱਸਵੀਂ ਸੁਭਾਇਮਾਨ ਹੈ।

ਪੰਜਵਾਂ ਪੜਾਅ ਕੀਰਤਪੁਰ ਸਾਹਿਬ (ਪੰਜਾਬ) :

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦੇ ਆਉਣ ਦੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਗਈ ਸੀ। ਗੁਰੂ ਗੋਬਿੰਦ ਰਾਇ (ਸਿੰਘ) ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਤੇ ਸਾਰਾ ਪਰਿਵਾਰ ਅਤੇ ਬਹੁਤ ਸਾਰੀਆਂ ਸਿੱਖ ਸੰਗਤਾਂ, ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਨ ਲਈ, ਪਹਿਲਾਂ ਹੀ ਕੀਰਤਪੁਰ ਸਾਹਿਬ ਪਹੁੰਚ ਗਈਆਂ ਸਨ। ਭਾਈ ਜੈਤਾ ਜੀ ਸੀਸ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਤਾਂ ਸਾਰਿਆਂ ਦੇ ਹਿਰਦਿਆਂ ‘ਚ ਵੈਰਾਗ ਸੀ ਤੇ ਅੱਖਾਂ ਨਮ ਸਨ। ਬਹੁਤ ਭਾਵੁਕ ਦ੍ਰਿਸ਼ ਸੀ। ਗੁਰੂ ਗੋਬਿੰਦ ਰਾਇ ਜੀ ਨੇ ਅਗਾਂਹ ਵੱਧ ਕੇ, ਆਪਣੇ ਸ਼ਹੀਦ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਆਪਣੇ ਹੱਥਾਂ ‘ਚ ਲੈ ਲਿਆ। ਇਸ ਸਮੇਂ ਗੁਰੂ ਗੋਬਿੰਦ ਰਾਇ ਜੀ ਦੀ ਉਮਰ ੯ ਸਾਲ ਦੀ ਸੀ। ਗੁਰੂ ਸਾਹਿਬ ਜੀ ਦੇ ਸੀਸ ਦੇ ਦਰਸ਼ਨ ਕਰਕੇ, ਸੀਸ ਨੂੰ ਉੱਚੀ ਥਾਂ ‘ਤੇ ਬਿਰਾਜਮਾਨ ਕਰ ਦਿੱਤਾ ਗਿਆ। ਇਸ ਅਸਥਾਨ ‘ਤੇ ਸੁੰਦਰ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਸੁਭਾਇਮਾਨ ਹੈ।

ਗੁਰੂ ਗੋਬਿੰਦ ਰਾਇ ਜੀ ਨੇ ਭਾਈ ਜੈਤਾ ਜੀ ਦੀ ਹਿੰਮਤ, ਹੌਂਸਲੇ, ਬਹਾਦਰੀ ਅਤੇ ਗੁਰੂ ਘਰ ਪ੍ਰਤੀ ਪਿਆਰ, ਸ਼ਰਧਾ-ਭਾਵਨਾ ਤੇ ਸੇਵਾ ਨੂੰ ਮੁੱਖ ਰੱਖਦਿਆਂ ਹੋਇਆਂ, ਭਾਈ ਜੈਤਾ ਜੀ ਨੂੰ ਆਪਣੇ ਸੀਨੇ ਨਾਲ ਲਾ ਕੇ ਅਸੀਸਾਂ ਦਿੱਤੀਆਂ ਅਤੇ “ਰੰਘਰੇਟਾ – ਗੁਰੂ ਕਾ ਬੇਟਾ” ਕਹਿ ਕੇ ਨਿਵਾਜ਼ਿਆ। ਭਾਈ ਜੈਤਾ ਜੀ, ਸੰਨ ੧੬੯੯ ‘ਚ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ, ਭਾਈ ਜੀਵਨ ਸਿੰਘ ਬਣੇ ਅਤੇ ਚਮਕੌਰ ਸਾਹਿਬ ਦੀ ਜੰਗ ‘ਚ ਸ਼ਹੀਦ ਹੋਏ।

ਆਖ਼ਰੀ ਪੜਾਅ ਸ੍ਰੀ ਅਨੰਦਪੁਰ ਸਾਹਿਬ (ਪੰਜਾਬ) :

ਗੁਰੂ ਸਾਹਿਬ ਜੀ ਦੇ ਸੀਸ ਨੂੰ ਸਤਿਕਾਰ ਸਹਿਤ ਪਾਲਕੀ ‘ਚ ਸਜਾਇਆ ਗਿਆ ਅਤੇ ਸ਼ਬਦ ਕੀਰਤਨ ਕਰਦੇ ਹੋਏ, ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਗਿਆ। ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਸੀਸ ਦਾ ਮਰਿਆਦਾ ਅਨੁਸਾਰ, ਪੂਰਨ ਸਤਿਕਾਰ ਨਾਲ ਸਸਕਾਰ ਕੀਤਾ ਗਿਆ। ਜਿਸ ਅਸਥਾਨ ‘ਤੇ ਗੁਰੂ ਸਾਹਿਬ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ, ਉਸ ਅਸਥਾਨ ‘ਤੇ ਗੁਰਦੁਆਰਾ ਸੀਸ ਗੰਜ ਸਾਹਿਬ ਸੁਭਾਇਮਾਨ ਹੈ। ਸਸਕਾਰ ਕਰਨ ਤੋਂ ਬਾਅਦ, ਗੁਰੂ ਗੋਬਿੰਦ ਰਾਇ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਰਮਾਤਮਾ ਦੀ ਰਜ਼ਾ ‘ਚ ਰਹਿਣਾ ਹੈ ਤੇ ਉਸ ਅਕਾਲ ਪੁਰਖੁ ਦਾ ਭਾਣਾ ਮਿੱਠਾ ਕਰਕੇ ਮੰਨਣਾ ਹੈ। ਨਾਲ ਹੀ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਜ਼ੁਲਮ ਦੇ ਖਿਲਾਫ ਇੱਕ-ਜੁੱਟ ਹੋ ਕੇ, ਟਾਕਰਾ ਕਰਨ ਹਿੱਤ ਤਿਆਰ ਹੋਣ ਲਈ ਕਿਹਾ। ਗੁਰੂ ਸਾਹਿਬ ਜੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜ਼ੁਲਮ ਖਤਮ ਕਰਨ ਲਈ, ਸ਼ਕਤੀ ਦੀ ਵਰਤੋਂ ਕੀਤੀ ਜਾਵੇ।

ਧੜ (ਸਰੀਰ) ਦਾ ਸਸਕਾਰ :

ਇਧਰ ਗੁਰੂ ਸਾਹਿਬ ਜੀ ਦੇ ਧੜ (ਸਰੀਰ) ਨੂੰ ਸੰਭਾਲਣ ਦੀ ਸੇਵਾ ਭਾਈ ਲੱਖੀ ਸ਼ਾਹ ਜੀ ਨੇ ਕੀਤੀ। ਜਿਸ ਦਿਨ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ, ਉਸ ਦਿਨ ਭਾਈ ਲੱਖੀ ਸ਼ਾਹ ਜੀ ਆਪਣੇ ਟਾਂਡੇ (ਬੈਲ ਗੱਡੀਆਂ ਦਾ ਕਾਫ਼ਲਾ), ਜਿਸ ਵਿੱਚ ਚੂਨਾ ਲੱਦਿਆ ਹੋਇਆ ਸੀ, ਸਹਿਤ ਨਾਰਨੌਲ (ਹਰਿਆਣਾ) ਤੋਂ ਦਿੱਲੀ ਪਹੁੰਚੇ ਸਨ। ਭਾਈ ਲੱਖੀ ਸ਼ਾਹ ਜੀ ਨੇ ਆਪਣੀਆਂ ਬੈਲ ਗੱਡੀਆਂ ਲਿਆ ਕੇ, ਚਾਂਦਨੀ ਚੌਂਕ ਖੜ੍ਹੀਆਂ ਕਰ ਦਿੱਤੀਆਂ ਅਤੇ ਮੌਕਾ ਦੇਖ ਕੇ, ਮੁਗਲ ਹਕੂਮਤ ਦੀ ਪਰਵਾਹ ਕੀਤੇ ਬਿਨਾਂ, ਆਪਣੇ ਪੁੱਤਰ ਭਾਈ ਨਗਾਹੀਆ ਜੀ ਤੇ ਹੋਰ ਸਿੱਖਾਂ ਦੀ ਮਦਦ ਨਾਲ, ਗੁਰੂ ਸਾਹਿਬ ਜੀ ਦਾ ਧੜ (ਸਰੀਰ) ਆਪਣੇ ਗੱਡੇ ‘ਤੇ ਰੱਖ ਕੇ ਆਪਣੇ ਘਰ ਲੈ ਗਏ। ਘਰ ਅੰਦਰ ਹੀ ਚਿਖ਼ਾ ਤਿਆਰ ਕੀਤੀ ਅਤੇ ਗੁਰੂ ਸਾਹਿਬ ਜੀ ਦੀ ਪਾਵਨ ਦੇਹ ਨੂੰ ਚਿਖ਼ਾ ‘ਤੇ ਰੱਖ ਕੇ, ਘਰ ਨੂੰ ਹੀ ਅੱਗ ਲਾ ਦਿੱਤੀ ਤਾਂ ਜੋ ਕਿਸੇ ਨੂੰ ਕੋਈ ਸ਼ੱਕ ਨੇ ਹੋਵੇ। ਦਿੱਲੀ ਵਿਖੇ,ਜਿਸ ਅਸਥਾਨ ‘ਤੇ ਗੁਰੂ ਸਾਹਿਬ ਜੀ ਦੇ ਧੜ (ਸਰੀਰ) ਦਾ ਸਸਕਾਰ ਕੀਤਾ ਗਿਆ, ਉਸ ਅਸਥਾਨ ‘ਤੇ ਸੁੰਦਰ ਗੁਰਦੁਆਰਾ ਰਕਾਬਗੰਜ ਸਾਹਿਬ ਸੁਭਾਇਮਾਨ ਹੈ।

ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਾਲ ਸੰਬੰਧਤ ਕੁੱਝ ਮਹੱਤਵਪੂਰਨ ਨੁਕਤੇ ਹੇਠ ਲਿੱਖੇ ਅਨੁਸਾਰ ਹਨ –

ਉ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾ ਤਾਂ ਆਪ ਜੰਝੂ ਪਹਿਨਦੇ ਸਨ ਤੇ ਨਾ ਹੀ ਜੰਝੂ ਪਹਿਨਣ ਦੇ ਹਾਮੀ ਸਨ। ਗੁਰੂ ਨਾਨਕ ਦੇਵ ਜੀ ਨੇ ਤਾਂ ਪਹਿਲਾਂ ਹੀ ਕਪਾਹ ਦੇ ਬਣੇ ਜੰਝੂ ਪਹਿਨਣ ਤੋਂ ਇੰਨਕਾਰ ਕਰ ਦਿੱਤਾ ਸੀ। ਫਿਰ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੰਝੂ ਦੀ ਰੱਖਿਆ ਖ਼ਾਤਰ, ਆਪਣੀ ਸ਼ਹਾਦਤ ਦੇ ਦਿੱਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਸਭ ਤੋਂ ਵਿਲੱਖਣ ਗੱਲ ਇਹ ਹੈ ਕਿ ਗੁਰੂ ਸਾਹਿਬ ਜੀ ਨੇ ਹੋਰਨਾਂ ਦੇ ਧਰਮ, ਧਾਰਮਿਕ ਚਿੰਨ੍ਹਾਂ, ਧਾਰਮਿਕ ਅਜ਼ਾਦੀ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਆਪਣੀ ਸ਼ਹਾਦਤ ਦਿੱਤੀ।

ਅ) ਗੁਰੂ ਸਾਹਿਬ ਜੀ ਕਿਸੇ ਫ਼ਿਰਕੇ ਜਾਂ ਧਰਮ ਦੇ ਖ਼ਿਲਾਫ਼ ਨਹੀਂ ਸਨ। ਓਹਨਾਂ ਦਿਨਾਂ ‘ਚ, ਮੁਗਲ ਹਕੂਮਤ ਬਹੁਤ ਜ਼ਾਲਮ ਸੀ ਤੇ ਹਿੰਦੂਆਂ ‘ਤੇ ਜ਼ੁਲਮ ਕਰ ਰਹੀ ਸੀ। ਜਿਸ ਕਾਰਨ ਗੁਰੂ ਸਾਹਿਬ ਜੀ ਨੇ ਹਿੰਦੂਆਂ ਦੀ ਬਾਂਹ ਫੜੀ ਤੇ ਹਿੰਦੂਆਂ ਦੀ ਰੱਖਿਆ ਲਈ, ਮੁਗਲ ਹਕੂਮਤ ਨਾਲ ਟਾਕਰਾ ਕੀਤਾ ਤੇ ਆਪਣੀ ਸ਼ਹਾਦਤ ਦਿੱਤੀ। ਉਸ ਸਮੇਂ ਜੇ ਕੋਈ ਹੋਰ ਜ਼ਾਲਮ ਹਕੂਮਤ, ਜ਼ੁਲਮ ਕਰ ਰਹੀ ਹੁੰਦੀ ਤਾਂ ਗੁਰੂ ਸਾਹਿਬ ਜੀ ਉਸ ਜ਼ਾਲਮ ਹਕੂਮਤ ਨਾਲ ਵੀ ਇਸੇ ਤਰ੍ਹਾਂ ਹੀ ਟਾਕਰਾ ਕਰਦੇ ਤੇ ਪੀੜਤਾਂ ਦੀ ਰੱਖਿਆ ਕਰਦੇ। ਗੁਰੂ ਸਾਹਿਬਾਨ ਜੀ ਦਾ ਫ਼ਲਸਫ਼ਾ ਹੀ ਇਹੋ ਹੈ ਕਿ ਜ਼ਾਲਮ ਦੇ ਜ਼ੁਲਮਾਂ ਨਾਲ ਟਾਕਰਾ ਕਰਨਾ ਹੈ ਤੇ ਪੀੜਤਾਂ ਦੀ ਬਾਂਹ ਫੜ ਕੇ, ਓਹਨਾਂ ਦੀ ਰੱਖਿਆ ਕਰਨੀ ਹੈ।

ਇ) ਇਤਿਹਾਸ ਅੰਦਰ ਇਹ ਪਹਿਲਾ ਮੌਕਾ ਸੀ ਜਦੋਂ ਮਕਤੂਲ (ਸ਼ਹਾਦਤ ਦੇਣ ਵਾਲਾ), ਆਪਣੀ ਸ਼ਹਾਦਤ ਦੇਣ ਲਈ, ਆਪ ਚੱਲ ਕੇ ਕਾਤਲ ਕੋਲ ਗਿਆ ਸੀ। ਦੁਨੀਆ ਦੇ ਇਤਿਹਾਸ ‘ਚ ਇਹੋ ਜਿਹੀ ਕੋਈ ਹੋਰ ਮਿਸਾਲ ਨਹੀਂ ਮਿਲਦੀ। ਇਸੇ ਲਈ ਲਾਲਾ ਦੌਲਤ ਰਾਇ ਨੇ ਲਿੱਖਿਆ ਹੈ, ਆਜ ਤੱਕ ਯਿਹ ਤੋ ਹੁਆ ਹੈ ਕਿ ਕਾਤਲ, ਮਕਤੂਲ ਕੇ ਪਾਸ ਜਾਏ, ਯਿਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਆਏਐਸਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਲਟੀ ਗੰਗਾ ਬਹਾ ਦੀ

ਇੰਝ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਦਿੱਤੀ ਗਈ ਲਾਸਾਨੀ ਸ਼ਹਾਦਤ, ਆਪਣੇ ਆਪ ‘ਚ, ਇੱਕ ਬੇਮਿਸਾਲ, ਅਨੋਖੀ, ਅਦੁੱਤੀ ਤੇ ਵਿਲੱਖਣ ਸ਼ਹਾਦਤ ਸੀ, ਜਿਸ ਦੀ ਕੋਈ ਹੋਰ ਉਦਾਹਰਣ ਦੁਨੀਆਂ ਦੇ ਇਤਿਹਾਸ ‘ਚ ਨਹੀਂ ਮਿਲਦੀ। ਗੁਰੂ ਸਾਹਿਬ ਜੀ ਦੁਆਰਾ ਹੋਰਨਾਂ ਦੇ ਧਰਮ, ਧਾਰਮਿਕ ਚਿੰਨ੍ਹਾਂ, ਧਾਰਮਿਕ ਅਜ਼ਾਦੀ ਤੇ ਮਨੁੱਖੀ ਹੱਕਾਂ ਦੀ ਰਾਖੀ ਲਈ ਦਿੱਤੀ ਗਈ ਸ਼ਹਾਦਤ ਕਾਰਨ ਹੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ  “ਧਰਮ ਦੀ ਚਾਦਰ” ਕਿਹਾ ਜਾਂਦਾ ਹੈ।

You must be logged in to post a comment Login