26 ਜਨਵਰੀ ਤੇ ਵਿਸ਼ੇਸ ਕਵਿਤਾ

26 ਜਨਵਰੀ ਤੇ ਵਿਸ਼ੇਸ ਕਵਿਤਾ

26 ਜਨਵਰੀ
ਮਾਂ ! ਇਹ ਕੀ ਹੋ ਰਿਹਾ ਏ
ਏਨਾਂ ਭੀੜ ਭੜਕਾ ਕਿਉਂ ਏ ਮਾਂ
ਅੱਜ ਸੜਕਾਂ ਬੜੀਆਂ ਸਾਫ ਸੂਫ ਨੇ
ਸੜਕਾਂ 'ਤੇ ਚੂਨਾ ਕਿਉਂ ਖਿਲਰਿਆ ਹੋਇਆ ਏ
ਪੁਲਿਸ ਵਾਲੇ ਚਾਰ ਚੁਫੇਰੇ ਕਿਉਂ ਹਨ, ਮਾਂ
ਪੁਲਿਸ ਵਾਲੇ ਕਿੰਨੇ ਚੰਗੇ ਲੱਗ ਰਹੇ ਹਨ |
ਮਾਂ, ਏਨੇ ਸਾਰੇ ਬੱਚੇ ਲਾਈਨਾਂ ਵਿੱਚ ਕਿਧਰ ਜਾ ਰਹੇ ਹਨ
ਮਾਂ, ਕਿੰਨੇ ਸੋਹਣੇ ਲੱਗਦੇ ਹਨ ਬੱਚੇ
………. ਸੜਕ ਪਾਰ ਕਰਦਿਆਂ
ਇਕ ਮਜ਼ਦੂਰ ਮਾਂ ਦੇ ਅਸਿੱਖਿਅਕ ਬੱਚੇ ਨੇ ਕਿਹਾ,
ਮਾਂ ਨੇ ਕਿਹਾ :- ਚੱਲ ਜਲਦੀ ਚੱਲ
ਸਮੇਂ ਸਿਰ ਨਾ ਪਹੁੰਚੇ ਤਾਂ
ਠੇਕੇਦਾਰ ਗਾਲੀਆਂ ਦੇਵੇਗਾ
ਜਲਦੀ ਜਲਦੀ ਚਲਦਿਆਂ
ਸੜਕ ਪਾਰ ਕਰਨ ਲੱਗੇ
ਤਾਂ ਇੱਕ ਪੁਲਿਸ ਵਾਲੇ ਨੇ
ਜੋਸ਼ ਵਿੱਚ ਰੋਕਦੇ ਹੋਏ ਉਨ੍ਹਾਂ ਨੂੰ ਕਿਹਾ
''ਤੈਨੂੰ ਦਿਸਦਾ ਨਈ ਮਨਿਸਟਰ ਸਾਹਿਬ ਦੀਆਂ ਗੱਡੀਆਂ ਆਉਣ ਵਾਲੀਆਂ ਨੇ
ਚੱਲ ਕਮਬਖ਼ਤ ਪਰ੍ਹਾਂ ਮਰ ਜਾ ਕੇ
ਅੰਨੇ ਵਾਹ ਦੌੜੀ ਆਉਣੀ ਏ''
ਮਾਂ ਨੂੰ ਬੱਚੇ ਸਮੇਤ ਪਰ੍ਹਾਂ ਧਕੇਲ ਦਿੱਤਾ
ਮਾਂ ਮਾਯੂਸ ਹੋ ਕੇ ਢੀਠਾਂ ਵਾਂਗ
ਵਾਪਿਸ ਹੋ ਗਈ
ਕਿਸੇ ਹੋਰ ਰਸਤੇ ਦੀ ਭਾਲ ਵਿਚ
ਕਿਤੇ ਦਿਹਾੜੀ ਲਾਉਣ ਤੋਂ ਦੇਰ ਨਾ ਹੋ ਜਾਏ
ਛੋਟੇ ਬੱਚੇ ਨੇ ਮਾਂ ਦੇ ਮੂੰਹ ਵੱਲ ਵੇਖਦੇ ਹੋਏ
ਰੂਆਂਸੀ ਆਵਾਜ਼ ਵਿੱਚ ਕਿਹਾ
ਮਾਂ ! ਸਾਨੂੰ ਪੁਲਿਸ ਵਾਲੇ ਨੇ ਧੱਕਾ ਕਿਊਾ ਮਾਰਿਆ ਏ
ਪੁੱਤਰ ! ਅੱਜ ਛੱਬੀ ਜਨਵਰੀ ਏ&
ਮਾਂ, ਉਹ ਕੀ ਹੁੰਦੀ ਏ?
ਬਲਵਿੰਦਰ ਬਾਲਮ ਗੁਰਦਾਸਪੁਰ
ਓਾਕਾਰ ਨਗਰ, ਗੁਰਦਾਸਪੁਰ ਪੰਜਾਬ

You must be logged in to post a comment Login