ਦੁਬਈ, 14 ਸਤੰਬਰ – ਸੂਰਯਕੁਮਾਰ ਯਾਦਵ ਨੇ ਆਪਣੇ 35ਵੇਂ ਜਨਮਦਿਨ ਨੂੰ ਯਾਦਗਾਰ ਬਣਾਉਂਦੇ ਹੋਏ 37 ਗੇਂਦਾਂ ‘ਤੇ ਨਾਬਾਤ 47 ਰਨਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਭਾਰਤ ਨੂੰ ਏਸ਼ੀਆ ਕੱਪ 2025 ਦੇ ਗਰੁੱਪ-ਏ ਮੁਕਾਬਲੇ ਵਿੱਚ ਪਾਕਿਸਤਾਨ ਖ਼ਿਲਾਫ਼ 7 ਵਿਕਟਾਂ ਨਾਲ ਵੱਡੀ ਜਿੱਤ ਦਿਵਾਈ। ਇਹ ਮੈਚ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ।
128 ਰਨਾਂ ਦਾ ਟੀਚਾ ਭਾਰਤੀ ਟੀਮ ਲਈ ਆਸਾਨ ਸਾਬਤ ਹੋਇਆ ਅਤੇ ਮੌਜੂਦਾ ਟੀ20 ਵਰਲਡ ਕੱਪ ਚੈਂਪੀਅਨ ਭਾਰਤ ਨੇ 25 ਗੇਂਦਾਂ ਪਹਿਲਾਂ ਹੀ ਜਿੱਤ ਦਰਜ ਕਰ ਲਈ। ਮੈਚ ਨੇ ਇੱਕ ਵਾਰ ਫਿਰ ਦਿਖਾ ਦਿੱਤਾ ਕਿ ਕਿਵੇਂ ਹਰ ਪੱਖੋਂ ਭਾਰਤ ਪਾਕਿਸਤਾਨ ਨਾਲੋਂ ਕਈ ਗੁਣਾ ਮਜ਼ਬੂਤ ਹੈ।
ਚੇਜ਼ ਮੁਕੰਮਲ ਹੋਣ ਤੋਂ ਬਾਅਦ ਸੂਰਯਕੁਮਾਰ ਅਤੇ ਸ਼ਿਵਮ ਦੁਬੇ (10 ਨਾਬਾਤ) ਤੇਜ਼ੀ ਨਾਲ ਮੈਦਾਨ ਤੋਂ ਬਾਹਰ ਆਏ, ਪਰ ਦੋਵਾਂ ਟੀਮਾਂ ਦੇ ਖਿਡਾਰੀਆਂ ਜਾਂ ਸਹਾਇਕ ਸਟਾਫ਼ ਵਿੱਚੋਂ ਕਿਸੇ ਨੇ ਵੀ ਹੱਥ ਨਹੀਂ ਮਿਲਾਇਆ। ਇਹ ਸਭ ਕੁਝ ਉਸ ਤਣਾਅ ਦੇ ਪਿਛੋਕੜ ਵਿੱਚ ਹੋਇਆ ਜੋ ਇਸ ਸਾਲ ਦੇ ਸ਼ੁਰੂ ਵਿੱਚ ਦੋਵੇਂ ਦੇਸ਼ਾਂ ਵਿਚਾਲੇ ਕੂਟਨੀਤਕ ਸੰਬੰਧਾਂ ਵਿੱਚ ਵਧ ਗਿਆ ਸੀ।
ਭਾਰਤ ਦੀ ਆਸਾਨ ਜਿੱਤ ਵਿੱਚ ਅਭਿਸ਼ੇਕ ਸ਼ਰਮਾ ਅਤੇ ਤਿਲਕ ਵਰਮਾ ਦੀਆਂ ਤੇਜ਼ ਪਾਰੀਆਂ ਦਾ ਵੀ ਯੋਗਦਾਨ ਰਿਹਾ। ਦੋਵੇਂ ਖੱਬੇ ਹੱਥ ਦੇ ਬੱਲੇਬਾਜ਼ਾਂ ਨੇ 31-31 ਰਨ ਬਣਾਏ। ਇਹ ਜਿੱਤ ਟੀਮ ਇੰਡੀਆ ਦੀ ਨੈੱਟ ਰਨ ਰੇਟ ਨੂੰ ਵੀ ਮਜ਼ਬੂਤ ਕਰ ਗਈ।
ਅਭਿਸ਼ੇਕ ਨੇ ਸ਼ਾਹੀਨ ਸ਼ਾਹ ਅਫਰੀਦੀ ‘ਤੇ ਸ਼ੁਰੂ ਤੋਂ ਹੀ ਹਮਲਾ ਕਰਦਿਆਂ ਚੌਕਾ ਤੇ ਛੱਕਾ ਜੜ੍ਹਿਆ। ਸ਼ੁਭਮਨ ਗਿੱਲ ਨੇ ਵੀ ਦੋ ਸੁੰਦਰ ਚੌਕੇ ਲਗਾਏ ਪਰ 10 ਰਨ ਬਣਾ ਕੇ ਸਟੰਪ ਹੋ ਗਿਆ। ਅਭਿਸ਼ੇਕ ਨੇ 13 ਗੇਂਦਾਂ ‘ਤੇ 31 ਰਨ ਦੀ ਧਮਾਕੇਦਾਰ ਪਾਰੀ ਖੇਡੀ ਪਰ ਆਯੂਬ ਦੇ ਹੱਥੀਂ ਕੈਚ ਆਉਟ ਹੋ ਗਿਆ।
ਤਿਲਕ ਵਰਮਾ ਨੇ ਵੀ ਸ਼ਾਨਦਾਰ ਰਿਵਰਸ-ਸਵਿੱਪ ਤੇ ਛੱਕਾ ਜੜ੍ਹ ਕੇ ਭਾਰਤ ਨੂੰ ਪਾਵਰਪਲੇ ਵਿੱਚ 61/2 ‘ਤੇ ਪਹੁੰਚਾਇਆ। ਹਾਲਾਂਕਿ ਉਹ ਵੀ 31 ਰਨ ਬਣਾ ਕੇ ਆਉਟ ਹੋ ਗਿਆ।
ਸੂਰਯਕੁਮਾਰ ਨੇ ਆਪਣੇ ਕਲਾਸੀਕਲ ਸ਼ਾਟਾਂ ਨਾਲ ਖੇਡ ਨੂੰ ਕਾਬੂ ਵਿੱਚ ਰੱਖਿਆ ਤੇ ਨਵਾਜ਼ ਤੇ ਆਯੂਬ ਖ਼ਿਲਾਫ਼ ਸ਼ਾਨਦਾਰ ਬਾਊਂਡਰੀਆਂ ਮਾਰੀਆਂ। ਆਖਿਰ ਵਿੱਚ ਸੂਰਿਆ ਨੇ ਮੁਕੀਮ ਨੂੰ ਛੱਕਾ ਮਾਰ ਕੇ ਮੈਚ ਖਤਮ ਕੀਤਾ।
ਛੋਟਾ ਸਕੋਰਕਾਰਡ:
ਪਾਕਿਸਤਾਨ – 127/9, 20 ਓਵਰ (ਸਾਹਿਬਜ਼ਾਦਾ ਫਰਹਾਨ 40, ਸ਼ਾਹੀਨ ਸ਼ਾਹ ਅਫਰੀਦੀ 33*; ਕੁਲਦੀਪ ਯਾਦਵ 3-18, ਅਕਸਰ ਪਟੇਲ 2-18)
ਭਾਰਤ – 131/3, 15.5 ਓਵਰ (ਸੂਰਯਕੁਮਾਰ ਯਾਦਵ 47*, ਅਭਿਸ਼ੇਕ ਸ਼ਰਮਾ 31; ਸਾਈਮ ਆਯੂਬ 3-22)
ਭਾਰਤ 7 ਵਿਕਟਾਂ ਨਾਲ ਜਿੱਤਿਆ
You must be logged in to post a comment Login