ਲੋਕਤੰਤਰ ਦੀ ਜਿੱਤ ਹੈ ਮਾਰੀਆ ਕਰੀਨਾ ਮਚਾਡੋ ਨੂੰ ਨੋਬਲ ਪੁਰਸਕਾਰ ਪ੍ਰਾਪਤ ਹੋਣਾ

ਲੋਕਤੰਤਰ ਦੀ ਜਿੱਤ ਹੈ ਮਾਰੀਆ ਕਰੀਨਾ ਮਚਾਡੋ ਨੂੰ ਨੋਬਲ ਪੁਰਸਕਾਰ ਪ੍ਰਾਪਤ ਹੋਣਾ

ਬਲਵਿੰਦਰ ਸਿੰਘ ਭੁੱਲਰ
ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀ ਵੈਂਨਜੁਏਲਾ ਦੀ ਲੋਕ ਆਗੂ ਮਾਰੀਆ ਕਰੀਨਾ ਮਚਾਡੋ ਨੂੰ ਸੰਸਾਰ ਪ੍ਰਸਿੱਧ ਨੋਬਲ ਪੁਰਸਕਾਰ ਮਿਲਣਾ ਲੋਕਤੰਤਰ ਦੀ ਜਿੱਤ ਹੈ। ਨੋਬਲ ਪੁਰਸਕਾਰ ਕੋਈ ਆਮ ਪੁਰਸਕਾਰ ਨਹੀਂ ਹੈ, ਸੰਸਾਰ ਦਾ ਸਭ ਤੋਂ ਵੱਡਾ ਸਨਮਾਨ ਹੈ। ਜੋ 1895 ਵਿੱਚ ਰਸਾਇਣ ਵਿਗਿਆਨੀ ਤੇ ਵਪਾਰੀ ਅਲਫਰੈਡ ਨੋਬਲ ਅਨੁਸਾਰ ਦਿੱਤਾ ਜਾਣ ਵਾਲਾ ਇਹ ਐਵਾਰਡ ਮੈਡੀਸਨ, ਰਸਾਇਣ ਵਿਗਿਆਨ, ਸਾਹਿਤ, ਭੋਤਿਕ ਵਿਗਿਆਨ, ਸਾਂਤੀ ਅਤੇ ਅਰਥ ਸ਼ਾਸਤਰ ਦੇ ਆਧਾਰ ਤੇ ਹਰ ਸਾਲ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸ ਵੱਲੋਂ ਦਿੱਤਾ ਜਾਂਦਾ ਹੈ। ਇਹ ਸਨਮਾਨ ਕੰਮ ਦੇ ਆਧਾਰ ਤੇ ਦਿੱਤਾ ਜਾਂਦਾ ਹੈ, ਇਸ ਲਈ ਉਮਰ ਦੀ ਕੋਈ ਸੀਮਾ ਨਹੀਂ ਹੈ। ਇਹ ਪੁਰਸਕਾਰ ਸਭ ਤੋਂ ਛੋਟੀ ਉਮਰ ਵਿੱਚ 17 ਸਾਲਾ ਮਲਾਲਾ ਯੂਸਫ਼ਜ਼ਈ ਨੂੰ ਸਾਂਤੀ ਪੁਰਸਕਾਰ ਵਜੋਂ 2014 ਵਿੱਚ ਅਤੇ ਜੋਹਨ ਬੀ ਗੁੱਡਨਫ ਨੂੰ 97 ਸਾਲ ਦੀ ਉਮਰ ਵਿੱਚ ਰਸਾਇਣ ਵਿਗਿਆਨ ਪੁਰਸਕਾਰ ਵਜੋਂ 2019 ਵਿੱਚ ਦਿੱਤਾ ਗਿਆ ਸੀ। ਭਾਰਤ ਦੇ ਸੱਤ ਵਿਅਕਤੀਆਂ ਰਬਿੰਦਰ ਨਾਥ ਟੈਗੋਰ, ਸੀ ਵੀ ਰਮਨ, ਮਦਰ ਟੈਰੇਸਾ, ਸੁਬਰਾਮਨੀਅਮ ਚੰਦਰ ਸ਼ੇਖਰ, ਅਮਰੱਤਿਆ ਸੇਨ, ਵੈਂਕਟਰਮਨ ਰਾਮ ਕ੍ਰਿਸ਼ਣਨ ਤੇ ਕੈਲਾਸ ਸਤਿਆਰਥੀ ਨੂੰ ਇਹ ਸਨਮਾਨ ਮਿਲ ਚੁੱਕਾ ਹੈ।

ਇਸ ਵਾਰ ਨੋਬਲ ਪੁਰਸਕਾਰ ਕਮੇਟੀ ਵੱਲੋਂ ਕੁੱਲ 338 ਨਾਵਾਂ ਤੇ ਵਿਚਾਰ ਕੀਤੀ ਜਾ ਰਹੀ ਸੀ, ਜਿਸ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਟਰੰਪ ਅਤੇ ਮਾਰੀਆ ਕਰੀਨਾ ਮਚਾਡੋ ਦਾ ਨਾਂ ਵੀ ਸ਼ਾਮਲ ਸੀ। ਇਹ ਇਨਾਮ ਪ੍ਰਾਪਤ ਕਰ ਲੈਣ ਦੀ ਟਰੰਪ ਨੂੰ ਵੱਡੀ ਉਮੀਦ ਸੀ, ਉਸਦਾ ਕਹਿਣਾ ਸੀ ਕਿ ਉਸਨੇ ਅੱਠ ਦੇਸ਼ਾਂ ਦੀਆਂ ਜੰਗਾਂ ਰੋਕੀਆਂ ਹਨ, ਇਸ ਲਈ ਉਹ ਸ਼ਾਂਤੀ ਦੇ ਆਧਾਰ ਤੇ ਨੋਬਲ ਪੁਰਸਕਾਰ ਦਾ ਹੱਕਦਾਰ ਹੈ। ਕਈ ਹੋਰ ਦੇਸ਼ਾਂ ਪਾਕਿਸਤਾਨ, ਇਜ਼ਰਾਈਲ, ਅਮੇਨੀਆ, ਅਯਰਵੇਨ, ਕੰਬੋਡੀਆ, ਰਵਾਂਡਾ ਆਦਿ ਨੇ ਵੀ ਟਰੰਪ ਨੂੰ ਇਹ ਸਨਮਾਨ ਦੇਣ ਦਾ ਸਮਰਥਨ ਕੀਤਾ ਸੀ। ਪਰ ਚੋਣ ਕਮੇਟੀ ਨੇ ਸਾਰੇ ਪੱਖਾਂ ਨੂੰ ਡੂੰਘਾਈ ਨਾਲ ਵਿਚਾਰਣ ਉਪਰੰਤ ਇਹ ਸਨਮਾਨ ਵੈਂਨਯੂਏਲਾ ਦੀ ਮਾਰੀਆ ਕਰੀਨਾ ਮਚਾਡੋ ਦੀ ਝੋਲੀ ਵਿੱਚ ਪਾ ਦਿੱਤਾ ਹੈ। ਟਰੰਪ ਲਈ ਇਹ ਇੱਕ ਬਹੁਤ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।

ਮਚਾਡੋ ਲੰਬੇ ਸਮੇਂ ਤੋਂ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀ ਹੈ। 7 ਅਕਤੂਬਰ 1967 ਨੂੰ ਜਨਮੀ ਮਚਾਡੋ ਉਦਯੋਗਿਕ ਇੰਜਨੀਅਰ ਹੈ। ਉਹ 2002 ਵਿੱਚ ਸਿਆਸਤ ਵਿੱਚ ਸ਼ਾਮਲ ਹੋ ਗਈ ਸੀ। 2010 ਵਿੱਚ ਉਹ ਲੋਕ ਸਭਾ ਲਈ ਚੁਣੀ ਗਈ, ਪਰ ਉੱਥੋਂ ਦੀ ਤਾਨਾਸ਼ਾਹ ਸਰਕਾਰ ਵੱਲੋਂ 2014 ਵਿੱਚ ਉਸਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਉਪਰੰਤ ਉਸਨੇ ਵੇਨਤੇ ਵੈਨਯੂਏਲਾ ਨਾਂ ਦੀ ਪਾਰਟੀ ਸਥਾਪਤ ਕੀਤੀ, ਗੰਠਬੰਧਨ ਬਣਾਇਆ ਅਤੇ ਤਾਨਾਸ਼ਾਹ ਸਰਕਾਰ ਵਿਰੁੱਧ ਸੰਘਰਸ਼ ਸੁਰੂ ਕੀਤਾ। ਇਸ ਸਮੇਂ ਉਹ ਦੇਸ਼ ਦੀ ਵਿਰੋਧੀ ਧਿਰ ਦੀ ਨੇਤਾ ਵਜੋਂ ਸੇਵਾਵਾਂ ਨਿਭਾ ਰਹੀ ਹੈ। ਮੌਜੂਦਾ ਸਰਕਾਰ ਨੇ ਉਸਤੇ ਕਈ ਤਰ੍ਹਾਂ ਦੀ ਪਾਬੰਦੀਆਂ ਲਗਾਈਆਂ, ਗ੍ਰਿਫਤਾਰੀ ਦੀਆਂ ਧਮਕੀਆਂ ਦਿੱਤੀਆਂ, ਸਫ਼ਰ ਕਰਨ ਤੇ ਰੋਕ ਲਗਾਈ, ਪਰ ਉਹ ਰੁਕੀ ਨਹੀਂ ਦੇਸ਼ ਦੀ ਮੌਜੂਦਾ ਤਾਨਾਸ਼ਾਹ ਸਰਕਾਰ ਵਿਰੁੱਧ ਲੜਦੀ ਰਹੀ। ਉਹ ਕਹਿੰਦੀ ਹੈ ਕਿ ਲੋਕਤੰਤਰ ਦਾ ਹਥਿਆਰ ਹੀ ਸ਼ਾਂਤੀ ਦਾ ਹਥਿਆਰ ਹੈ ਅਤੇ ਇਸ ਹਥਿਆਰ ਨਾਲ ਉਹ ਸਾਰੀ ਜਿੰਦਗੀ ਜੂਝਦੀ ਰਹੇਗੀ।

ਵਿਗਆਨੀ ਅਲਫਰੈਡ ਨੋਬਲ ਨੇ ਕਿਹਾ ਸੀ ਕਿ ਸਾਂਤੀ ਲਈ ਸਭ ਤੋਂ ਚੰਗਾ ਕੰਮ ਭਾਈਚਾਰੇ ਨੂੰ ਵਧਾਉਣਾ ਹੈ। ਮਚਾਡੋ ਨੇ ਵੀ ਸੰਘਰਸ਼ ਕਰਦਿਆਂ ਭਾਈਚਾਰਕ ਏਕੇ ਨੂੰ ਵਧਾਇਆ ਹੈ ਅਤੇ ਸੱਚ ਤੇ ਪਹਿਰਾ ਦਿੰਦਿਆਂ ਤਾਨਾਸ਼ਾਹੀ ਦਾ ਡਟ ਕੇ ਵਿਰੋਧ ਕੀਤਾ ਹੈ। ਉਸਦੀਆਂ ਸੇਵਾਵਾਂ ਅਤੇ ਮਿਹਨਤ ਨੂੰ ਵੇਖਦਿਆਂ ਹੀ ਨੋਬਲ ਕਮੇਟੀ ਦੇ ਚੇਅਰਮੈਨ ਜੌਰਗੇਨ ਵਾਟਨੇ ਨੇ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਐਲਾਨ ਕਰਦਿਆਂ ਕਿਹਾ, ‘‘ਇਹ ਪੁਰਸਕਾਰ ਇੱਕ ਅਜਿਹੀ ਮਹਿਲਾ ਨੂੰ ਦਿੱਤਾ ਜਾ ਰਿਹਾ ਹੈ, ਜਿਸਨੇ ਵਧਦੇ ਹੋਏ ਅੰਧੇਰੇ ਵਿੱਚ ਲੋਕਤੰਤਰ ਦੀ ਲੋਅ ਜਗਾਈ ਹੈ।’’ ਇਸ ਸਨਮਾਨ ਵਿੱਚ ਸੰਸਾਰ ਪੱਧਰ ਦੇ ਮੈਡਲ ਦੇ ਨਾਲ ਸੱਤ ਕਰੋੜ ਦੀ ਰਾਸ਼ੀ ਵੀ ਦਿੱਤੀ ਜਾਂਦੀ ਹੈ।

ਦੁਨੀਆਂ ਭਰ ਚੋਂ ਤਾਨਾਸ਼ਾਹੀ ਦੇ ਵਿਰੁੱਧ ਸੰਘਰਸ ਕਰ ਰਹੀ ਅਤੇ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਲਈ ਜੱਦੋਜਹਿਦ ਕਰਨ ਵਾਲੀ ਮਹਿਲਾ ਨੂੰ ਇਹ ਸਨਮਾਨ ਮਿਲਣਾ ਸਮੁੱਚੀ ਦੁਨੀਆਂ ਲਈ ਮਾਣ ਵਾਲੀ ਗੱਲ ਹੈ। ਇਹ ਸਨਮਾਨ ਹੱਕਾਂ ਲਈ ਜੂਝਣ ਵਾਲੇ ਲੋਕਾਂ ਵਾਸਤੇ ਇੱਕ ਵੱਡਾ ਸੁਨੇਹਾ ਵੀ ਹੈ। ਇਹ ਲੋਕਤੰਤਰ ਦੀ ਜਿੱਤ ਹੈ।

 

You must be logged in to post a comment Login